ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 23 ਮਾਰਚ ਨੂੰ ਕਰਵਾਈ ਜਾਣ ਵਾਲੀ 5ਵੀਂ ਜਮਾਤ (ਟਰਮ-2) ਪ੍ਰੀਖਿਆ ਅੱਗੇ ਪਾ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ’ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਕੱਲ੍ਹ ਵਿਧਾਨ ਸਭਾ ਸਦਨ ਦੇ ਸੈਸ਼ਨ ਦਾ ਤੀਜਾ ਤੇ ਆਖਰੀ ਦਿਨ ਸੀ। ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਸੀ।
ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਦਿਨ ਕਰਵਾਈ ਜਾਣ ਵਾਲੀ 5ਵੀਂ ਜਮਾਤ (ਟਰਮ-2) ਦੇ ਦੂਜੇ ਵਿਸ਼ੇ (ਪੰਜਾਬੀ, ਹਿੰਦੀ, ਉਰਦੂ) ਦੀ ਪ੍ਰੀਖਿਆ ਹੁਣ 2 ਅਪ੍ਰੈਲ ਸਵੇਰੇ 10:30 ਵਜੇ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਪਹਿਲੀ ਤੋਂ ਚੌਥੀ ਜਮਾਤ ਦੀ ਅੱਜ ਹੋਣ ਵਾਲੀ ਅੰਗਰੇਜੀ ਵਿਸ਼ੇ ਦੀ ਪ੍ਰੀਖਿਆ 28 ਮਾਰਚ ਨੂੰ ਹੋਵੇਗੀ।