ਗੁਰਦਾਸਪੁਰ ਪੁਲਿਸ ਵੱਲੋਂ ਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਮੁਲਜ਼ਮ ਕਾਬੂ

0
91

– 2 ਪਿਸਟਲ 2 ਮੈਗਜ਼ੀਨ ਹੋਏ ਬਰਾਮਦ
– ਕਤਲ ਅਤੇ ਡਕੈਤੀਆਂ ਦੇ ‌25 ਦੇ ਕਰੀਬ ‌ ਮਾਮਲੇ ਹਨ ਦਰਜ
– ਜ਼ਮਾਨਤ ‘ਤੇ ਆਇਆ ਸੀ ਬਾਹਰ

ਗੁਰਦਾਸਪੁਰ, 19 ਜੂਨ 2025 – ਨਸ਼ੇ ਅਤੇ ਕਰਾਈਮ ਨੂੰ ਰੋਕਣ ਲਈ ਗੁਰਦਾਸਪੁਰ ਪੁਲਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਸਬੰਧ ਵਿਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਅਦਿਤਯਾ ਨੇ ਦੱਸਿਆ ਕਿ ਅਪਰਾਧ ਨੂੰ ਜੜ੍ਹੋਂ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਗੁਰਦਾਸਪੁਰ ਪੁਲਸ ਦੀ ਟੀਮ ਵੱਲੋਂ ਬੱਬਰੀ ਸਥਿਤ ਹਾਈਟੈਕ ਨਾਕੇ ’ਤੇ ਚੈਕਿੰਗ ਕੀਤੀ ਜਾ ਰਹੀ ਹੈ।

ਇਸ ਦੌਰਾਨ ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਆ ਰਹੀ ਇੱਕ ਸਵਿਫਟ ਕਾਰ ਨੂੰ ਚੈਕਪੁਆਇੰਟ ‘ਤੇ ਰੋਕਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ ਸਵਾਰ 4 ਵਿਅਕਤੀਆਂ ਕੋਲੋਂ 2 ਪਿਸਤੌਲ ਬਰਾਮਦ ਹੋਏ। ਇਨ੍ਹਾਂ ਵਿਚੋਂ ਇੱਕ ਪਿਸਤੌਲ ਪੀ.ਐਕਸ.ਐੱਸ. ਸਟੌਰਮ 30 ਬੋਰ ਸੀ ਜਿਸ ਦੇ ਮੈਗਜ਼ੀਨ ਵਿਚ 3 ਜਿੰਦਾ ਰੋਂਦ ਸਨ। ਦੂਸਰਾ ਪਿਸਤੌਲ 32 ਬੋਰ ਸੀ ਜਿਸ ਦੇ ਮੈਗਜ਼ੀਨ ਵਿਚ 4 ਜਿੰਦਾ ਰੋਂਦ ਸ਼ਾਮਲ ਸਨ। ਉਨਾਂ ਕਿਹਾ ਕਿ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਸਬੰਧ ਵਿੱਚ ਪੁਲਸ ਸਟੇਸ਼ਨ ਸਦਰ ਗੁਰਦਾਸਪੁਰ ਵਿੱਚ ਪਰਚਾ ਦਰਜ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਕਾਬੂ ਕੀਤੇ ਗਏ ਇਨਾਂ 4 ਮੁਲਜ਼ਮਾਂ ਵਿਚੋਂ ਗੁਰਜਸ਼ਨਪ੍ਰੀਤ ਸਿੰਘ ਉਰਫ਼ ਚੀਨੀ ਪੁੱਤਰ ਜਸਬੀਰ ਸਿੰਘ ਵਾਸੀ ਕੋਟਲੀ ਸੱਕਾ ਰਾਜਾਸਾਂਸੀ ਅੰਮ੍ਰਿਤਸਰ ਇੱਕ “ਏ” ਸ਼੍ਰੇਣੀ ਦਾ ਗੈਂਗਸਟਰ ਹੈ। ਉਸ ਖਿਲਾਫ ਵੱਖ-ਵੱਖ ਪੁਲਸ ਸਟੇਸ਼ਨਾਂ ਵਿੱਚ ਕਤਲ, ਇਰਾਦਾ ਕਤਲ, ਸਨੈਚਿੰਗ, ਆਰਮਜ਼ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਸਮੇਤ 25 ਤੋਂ ਵੱਧ ਕੇਸ ਦਰਜ ਹਨ। ਇਸ ਤੋਂ ਇਲਾਵਾ ਬਾਕੀ ਦੇ ਦੋਸ਼ੀਆਂ ਦੀ ਪਛਾਣ ਰਾਜਬੀਰ ਸਿੰਘ ਵਾਸੀ ਕੋਟਲੀ ਸੱਕਾ ਰਾਜਾਸਾਂਸੀ, ਅੰਮ੍ਰਿਤਸਰ, ਗੁਰਵੰਤ ਸਿੰਘ ਵਾਸੀ ਬੋਪਾਰਾਏ ਖੁਰਦ, ਲੋਪੋਕੇ, ਅੰਮ੍ਰਿਤਸਰ ਅਤੇ ਗੁਰਸ਼ੌਕ ਸਿੰਘ ਵਾਸੀ ਲਾਹੌਰੇਮਲ ਘਰਿੰਡਾ, ਅੰਮ੍ਰਿਤਸਰ ਵਜੋਂ ਹੋਈ ਹੈ।

ਉਨਾਂ ਦੱਸਿਆ ਕਿ ਮੁਲਜ਼ਮਾਂ ਦਾ ਅਦਾਲਤ ਤੋਂ ਪੁਲਸ ਰਿਮਾਂਡ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪਿਛਲੇ ਅਤੇ ਅਗਲੇ ਲਿੰਕਾਂ ਦੀ ਤਸਦੀਕ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here