ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਡਿਜ਼ੀਟਲ ਹੈਲਥ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦੇ ਤਹਿਤ ਹਰ ਭਾਰਤੀ ਨੂੰ ਆਧਾਰ ਵਰਗਾ ਵਿਲੱਖਣ ਹੈਲਥ ਕਾਰਡ ਮਿਲੇਗਾ ਅਤੇ ਇਸ ਤੋਂ ਦੇਸ਼ ਵਿੱਚ ਇੱਕ ਡਿਜ਼ੀਟਲ ਹੈਲਥ ਸਿਸਟਮ ਤਿਆਰ ਕੀਤਾ ਜਾ ਸਕਦਾ ਹੈ। ਇਹ ਯੋਜਨਾ ਛੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਫਿਰ ਪੂਰੇ ਦੇਸ਼ ਦੇ ਰਾਜਾਂ ਵਿੱਚ ਲਾਗੂ ਕੀਤੀ ਜਾਵੇਗੀ।
ਯੋਜਨਾ ਦੇ ਫ਼ਾਇਦੇ
ਇਸ ਯੋਜਨਾ ਦੇ ਤਹਿਤ ਹਰ ਇੱਕ ਵਿਅਕਤੀ ਲਈ ਵਿਲੱਖਣ ਆਈਡੀ ਬਣਾਉਣ ਲਈ ਆਧਾਰ ਅਤੇ ਮੋਬਾਈਲ ਨੰਬਰ ਵਰਗੇ ਵੇਰਵਿਆਂ ਦੇ ਨਾਲ ਹੈਲਥ ਆਈਡੀ ਕਾਰਡ ਤਿਆਰ ਕੀਤਾ ਜਾਵੇਗਾ। ਇਸ ਵਿਲੱਖਣ ਕਾਰਡ ਤੋਂ ਪਤਾ ਚੱਲ ਜਾਵੇਗਾ ਕਿ ਕਿਸੇ ਮਰੀਜ਼ ਦਾ ਇਲਾਜ ਕਿੱਥੇ – ਕਿੱਥੇ ਹੋਇਆ ਹੈ। ਨਾਲ ਹੀ ਵਿਅਕਤੀ ਦੀ ਸਿਹਤ ਨਾਲ ਜੁੜੀ ਹਰ ਜਾਣਕਾਰੀ ਇਸ ਵਿਲੱਖਣ ਹੈਲਥ ਕਾਰਡ ਵਿੱਚ ਦਰਜ਼ ਹੋਵੇਗੀ। ਇਸ ਦੀ ਮਦਦ ਨਾਲ ਮਰੀਜ਼ ਅਤੇ ਡਾਕਟਰ ਆਪਣੇ ਰਿਕਾਰਡਸ ਚੈੱਕ ਕਰ ਸਕਦੇ ਹਨ। ਇਸ ਵਿੱਚ ਡਾਕਟਰ, ਨਰਸ ਸਮੇਤ ਹੋਰ ਸਿਹਤ ਕਰਮਚਾਰੀਆਂ, ਹਸਪਤਾਲਾਂ-ਕਲੀਨਿਕਾਂ-ਮੈਡੀਕਲ ਸਟੋਰਾਂ ਦੀ ਰਜਿਸਟਰੇਸ਼ਨ ਹੋਵੇਗੀ। ਇਸ ਤੋਂ ਮਰੀਜ਼ ਨੂੰ ਹਰ ਜਗ੍ਹਾ ਫਾਈਲ ਆਪਣੇ ਨਾਲ ਨਹੀਂ ਰੱਖਣੀ ਪਏਗੀ। ਡਾਕਟਰ ਜਾਂ ਹਸਪਤਾਲ ਮਰੀਜ਼ ਦਾ ਵਿਲੱਖਣ ਹੈਲਥ ਆਈਡੀ ਨੂੰ ਦੇਖ ਕੇ ਉਸ ਦੀ ਹਾਲਤ ਨੂੰ ਜਾਣ ਸਕਣਗੇ ਅਤੇ ਫਿਰ ਇਸ ਆਧਾਰ ‘ਤੇ ਅੱਗੇ ਦਾ ਇਲਾਜ਼ ਸ਼ੁਰੂ ਹੋ ਸਕਦਾ ਹੈ।
ਹਰ ਭਾਰਤੀ ਦੀ ਹੋਵੇਗੀ ਡਿਜ਼ੀਟਲ ਹੈਲਥ ID
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੀ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ ਇਲਾਜ਼ ਵਿੱਚ ਇਸ ਯੋਜਨਾ ਨੇ ਅਹਿਮ ਭੂਮਿਕਾ ਨਿਭਾਈ ਹੈ, ਹੁਣ ਡਿਜ਼ੀਟਲ ਰੂਪ ਵਿਚ ਆਉਣ ਦੇ ਕਾਰਨ ਇਸ ਦਾ ਵਿਸਥਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਹਰ ਨਾਗਰਿਕ ਦਾ ਹੈਲਥ ਰਿਕਾਰਡ ਡਿਜੀਟਲ ਰੂਪ ਵਿੱਚ ਸੁਰੱਖਿਅਤ ਕੀਤਾ ਜਾਵੇਗਾ। ਦੇਸ਼ ਵਾਸੀਆਂ ਨੂੰ ਹੁਣ ਇੱਕ ਡਿਜ਼ੀਟਲ ਹੈਲਥ ਆਈਡੀ ਮਿਲੇਗੀ। ਆਯੂਸ਼ਮਾਨ ਭਾਰਤ – ਡਿਜ਼ੀਟਲ ਮਿਸ਼ਨ, ਹੁਣ ਪੂਰੇ ਦੇਸ਼ ਦੇ ਹਸਪਤਾਲਾਂ ਦੇ ਡਿਜ਼ੀਟਲ ਹੈਲਥ ਮਿਸ਼ਨ ਹੱਲ ਨੂੰ ਇੱਕ ਦੂਜੇ ਨਾਲ ਜੋੜੇਗਾ।