ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਣੇ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਮੋਦੀ ਨੇ ਕੁੱਲ 32.2 ਕਿਲੋਮੀਟਰ ਲੰਬੇ ਪ੍ਰਾਜੈਕਟ ਦੇ 12 ਕਿਲੋਮੀਟਰ ਦੇ ਹਿੱਸੇ ਦਾ ਗਰਵਾਰੇ ਮੈਟਰੋ ਸਟੇਸ਼ਨ ’ਤੇ ਉਦਘਾਟਨ ਕੀਤਾ। ਇਸ ਪ੍ਰਾਜੈਕਟ ਦਾ ਮਕਸਦ ਪੁਣੇ ਦੇ ਲੋਕਾਂ ਲਈ ਸੁਵਿਧਾਜਨਕ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣਾ ਹੈ। ਪੂਰਾ ਪ੍ਰਾਜੈਕਟ 11,400 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਰੇਲ ਪ੍ਰਾਜੈਕਟ ਦਾ ਉਦਘਾਟਨ ਕਰਨ ਮਗਰੋਂ ਗਰਵਾਰੇ ਕਾਲਜ ਮੈਟਰੋ ਸਟੇਸ਼ਨ ਤੋਂ ਆਨੰਦਨਗਰ ਸਟੇਸ਼ਨ ਤੱਕ ਦੀ ਯਾਤਰਾ ਕੀਤੀ। ਇਸ ਦੌਰਾਨ ਮੈਟਰੋ ਰੇਲ ਵਿਚ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ 10 ਮਿੰਟ ਦੀ ਇਸ ਯਾਤਰਾ ਦੌਰਾਨ ਟਰੇਨ ’ਚ ਮੌਜੂਦ ਨੇਤਰਹੀਣ ਲੋਕਾਂ ਸਮੇਤ ਦਿਵਿਯਾਂਗ ਨਾਲ ਵੀ ਮੁਲਾਕਾਤ ਕੀਤੀ। ਗਰਵਾਰੇ ਕਾਲਜ ਤੋਂ ਆਨੰਦਨਗਰ ਤਕ ਪੁਣੇ ਮੈਟਰੋ ’ਚ ਯਾਤਰਾ ਕਰਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਟਿਕਟ ਖਰੀਦੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ 24 ਦਸੰਬਰ 2016 ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਨਗਰ ਨਿਗਮ ਕੰਪਲੈਕਸ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਵੀ ਮੌਜੂਦ ਸਨ। ਇਹ ਮੂਰਤੀ 1850 ਕਿਲੋਗ੍ਰਾਮ ਗਨ ਮੈਟਲ ਨਾਲ ਬਣੀ ਹੈ ਅਤੇ ਲਗਭਗ 9.5 ਫੁੱਟ ਉੱਚੀ ਹੈ।