ਪੀਐੱਮ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਖੇਤਾਂ ’ਚ ਕੀਟਨਾਸ਼ਕਾਂ ਦੇ ਛਿੜਕਾਅ ਲਈ 100 ‘ਕਿਸਾਨ ਡਰੋਨ’ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਭਰੋਸਾ ਜਤਾਇਆ ਕਿ ਡਰੋਨ ਖੇਤੀ ਖੇਤਰ ’ਚ ਭਾਰਤ ਦੀ ਵੱਧਦੀ ਸਮਰੱਥਾ ਦੁਨੀਆ ਨੂੰ ਇਕ ਨਵੀਂ ਅਗਵਾਈ ਦੇਵੇਗੀ। ਖੇਤੀ ਖੇਤਰ ਵਿਚ ਵੱਡੇ ਬਦਲਾਅ ਦੀ ਤਿਆਰੀ ਨਾਲ ਮੋਦੀ ਨੇ 100 ਕਿਸਾਨ ਡਰੋਨ ਦਾ ਵੀਡੀਓ ਕਾਨਫਰੈਂਸਿੰਗ ਜ਼ਰੀਏ ਉਦਘਾਟਨ ਕੀਤਾ। ਇਹ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਖੇਤਾਂ ’ਚ ਉਡੇ। ਇਹ ਡਰੋਨ ਖੇਤਾਂ ’ਚ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੇ ਕੰਮ ਆਉਣਗੇ।
ਉਨ੍ਹਾਂ ਨੇ ਕਿਹਾ ਕਿ ਪਹਿਲੇ ਡਰੋਨ ਦੇ ਨਾਂ ਤੋਂ ਲੱਗਦਾ ਸੀ ਕਿ ਇਹ ਫ਼ੌਜ ਨਾਲ ਜੁੜੀ ਕੋਈ ਵਿਵਸਥਾ ਹੈ ਜਾਂ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦੇ ਇਸਤੇਮਾਲ ’ਚ ਕੰਮ ਆਉਣ ਵਾਲੀ ਚੀਜ਼ ਹੈ ਪਰ ਹੁਣ ਇਹ 21ਵੀਂ ਸਦੀ ਦੀ ਆਧੁਨਿਕ ਖੇਤੀ ਵਿਵਸਥਾ ਦੀ ਦਿਸ਼ਾ ’ਚ ਇਕ ਨਵਾਂ ਅਧਿਆਏ ਹੈ। ਮੈਨੂੰ ਭਰੋਸਾ ਹੈ ਕਿ ਇਹ ਸ਼ੁਰੂਆਤ ਨਾ ਸਿਰਫ਼ ਡਰੋਨ ਸੈਕਟਰ ਦੇ ਵਿਕਾਸ ’ਚ ਮੀਲ ਦਾ ਪੱਥਰ ਸਾਬਤ ਹੋਵੇਗਾ ਸਗੋਂ ਕਿ ਇਸ ਵਿਚ ਸੰਭਾਵਨਾਵਾਂ ਦਾ ਬੇਸ਼ੁਮਾਰ ਆਸਮਾਨ ਵੀ ਖੁੱਲ੍ਹੇਗਾ। ਪ੍ਰਧਾਨ ਮੰਤਰੀ ਨੇ ‘ਕਿਸਾਨ ਡਰੋਨ’ ਨੂੰ ਕਿਸਾਨਾਂ ਲਈ ਬੇਹੱਦ ਨਵਾਂ ਅਤੇ ਚੰਗੀ ਪਹਿਲ ਦੱਸਿਆ। ਉਨ੍ਹਾਂ ਦੀ ਸਰਕਾਰ ਇਹ ਯਕੀਨੀ ਕਰੇਗੀ ਕਿ ਇਸ ਖੇਤਰ ਦੇ ਵਿਕਾਸ ਵਿਚ ਕੋਈ ਰੁਕਾਵਟ ਨਾ ਆਏ ਅਤੇ ਸਰਕਾਰ ਨੇ ਇਸ ਵਾਧੇ ਲਈ ਕਈ ਸੁਧਾਰ ਅਤੇ ਨੀਤੀਗਤ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਨੀਤੀਆਂ ਸਹੀ ਹੋਣ ਤਾਂ ਦੇਸ਼ ਕਿੰਨੀ ਉੱਚੀ ਉਡਾਣ ਭਰ ਸਕਦਾ ਹੈ। ਡਰੋਨ ਕੁਝ ਸਾਲ ਪਹਿਲਾਂ ਤੱਕ ਮੁੱਖ ਰੂਪ ਨਾਲ ਰੱਖਿਆ ਖੇਤਰ ਨਾਲ ਹੀ ਜੁੜਿਆ ਹੋਇਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਡਰੋਨ ਨਵੀਂ ਕ੍ਰਾਂਤੀ ਲਾ ਰਹੇ ਹਨ। ਕਿਸਾਨ ਫ਼ਲ, ਸਬਜ਼ੀਆਂ ਅਤੇ ਫੁੱਲ ਵਰਗੇ ਆਪਣੇ ਉਤਪਾਦਾਂ ਨੂੰ ਘੱਟ ਸਮੇਂ ’ਚ ਬਜ਼ਾਰਾਂ ਵਿਚ ਲਿਆਉਣ ਲਈ ਉੱਚ ਸਮਰੱਥਾ ਵਾਲੇ ਡਰੋਨ ਦਾ ਇਸਤੇਮਾਲ ਕਰ ਸਕਦੇ ਹਨ ਅਤੇ ਆਪਣੀ ਆਮਦਨ ਵਧਾ ਸਕਦੇ ਹਨ। ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2022-23 ’ਚ ਖੇਤੀ ਖੇਤਰ ਲਈ ਵੱਡਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਭਰ ਵਿਚ ਕਿਸਾਨਾਂ ਨੂੰ ਡਿਜੀਟਲ ਅਤੇ ਉੱਚ ਤਕਨੀਕ ਸੇਵਾਵਾਂ ਦੀ ਵੰਡ ਲਈ ਕਿਸਾਨ ਡਰੋਨ, ਕੁਦਰਤੀ ਖੇਤੀ, ਜਨਤਕ-ਨਿਜੀ ਭਾਈਵਾਲੀ ਨੂੰ ਉਤਸ਼ਾਹਤ ਕਰੇਗਾ।