ਵਾਸ਼ਿੰਗਟਨ/ਨਵੀਂ ਦਿੱਲੀ : ਅਮਰੀਕਾ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਅਹਿਮ ਮੁਲਾਕਾਤ ਪੂਰੀ ਹੋ ਗਈ ਹੈ। ਉਸ ਮੁਲਾਕਾਤ ‘ਚ ਕਈ ਮੁੱਦਿਆਂ ‘ਤੇ ਗੱਲ ਕੀਤੀ ਗਈ। ਕੋਰੋਨਾ ‘ਤੇ ਵੀ ਚਰਚਾ ਹੋਈ, ਵਪਾਰ ‘ਤੇ ਵੀ ਮੰਥਨ ਹੋਇਆ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ। ਉਸ ਮੁਲਾਕਾਤ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪੀਐਮ ਮੋਦੀ ਨੇ ਕਮਲਾ ਹੈਰਿਸ ਦੀ ਖੁੱਲ੍ਹ ਕੇ ਤਾਰੀਫ ਵੀ ਕੀਤੀ ਤੇ ਕਿਹਾ ਕਿ ਕਮਲਾ ਹੈਰਿਸ ਪੂਰੀ ਦੁਨੀਆ ਲਈ ਇਕ ਪ੍ਰੇਰਣਾ ਹੈ।
ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਭਾਰਤੀ ਮੂਲ ਦੀ ਅਮਰੀਕੀ ਉਪ-ਰਾਸ਼ਟਰਪਤੀ ਨੇ ਵਾਸ਼ਿੰਗਟਨ ‘ਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਭਾਰਤ ਦੌਰੇ ‘ਤੇ ਆਵੇਗੀ ਤਾਂ ਪੂਰੇ ਦੇਸ਼ ਨੂੰ ਕਾਫੀ ਖੁਸ਼ੀ ਹੋਵੇਗੀ। ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ‘ਚ ਅਮਰੀਕਾ ਨੇ ਸੱਚੇ ਮਿੱਤਰ ਦੀ ਤਰ੍ਹਾਂ ਭਾਰਤ ਦੀ ਮਦਦ ਕੀਤੀ ਹੈ। ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਫੀ ਚੁਣੌਤੀਪੂਰਨ ਸਮੇਂ ‘ਚ ਸੱਤਾ ਸੰਭਾਲੀ ਹੈ ਪਰ ਉਸ ਮੁਸ਼ਕਲ ਦੌਰ ‘ਚ ਵੀ ਉਨ੍ਹਾਂ ਦੀ ਸਰਕਾਰ ਨੇ ਕੋਰੋਨਾ ਦਾ ਵੀ ਪ੍ਰਭਾਵੀ ਅੰਦਾਜ਼ ‘ਚ ਸਾਹਮਣਾ ਕੀਤਾ।