ਪੀਐੱਮ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ਇਹ ਮਨ ਕੀ ਬਾਤ ਪ੍ਰੋਗਰਾਮ ਦਾ 83ਵਾਂ ਐਡੀਸ਼ਨ ਹੋਵੇਗਾ। ਉਨ੍ਹਾਂ ਦਾ ਰੇਡੀਓ ਪ੍ਰੋਗਰਾਮ ਆਲ ਇੰਡੀਆ ਰੇਡੀਓ, ਦੂਰਦਰਸ਼ਨ, ਆਲ ਇੰਡੀਆ ਰੇਡੀਓ ਨਿਊਜ਼ ਅਤੇ ਮੋਬਾਈਲ ਐਪ ‘ਤੇ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੋਣ ਵਾਲੇ ਆਪਣੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ‘ਚ ਲੋਕਾਂ ਨਾਲ ਖੇਤੀਬਾੜੀ ਕਾਨੂੰਨਾਂ, ਕੋਰੋਨਾ ਵਾਇਰਸ ਦੇ ਨਵੇਂ ਰੂਪ, ਜਲਵਾਯੂ ਤਬਦੀਲੀ, ਹਵਾ ਪ੍ਰਦੂਸ਼ਣ ਅਤੇ ਕੁੱਝ ਹੋਰ ਮੁੱਦਿਆਂ ‘ਤੇ ਚਰਚਾ ਕਰ ਸਕਦੇ ਹਨ।
ਇਸ ਸਮੇਂ ਦੇਸ਼ ਅਤੇ ਦੁਨੀਆ ਲਈ ਕੋਰੋਨਾ ਵਾਇਰਸ ਦੀ ਲਾਗ ਫਿਰ ਤੋਂ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਸੰਬੰਧੀ ਪੀਐੱਮ ਮੋਦੀ ਨੇ ਇੱਕ ਅਹਿਮ ਮੀਟਿੰਗ ਵੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਓਮੀਕਰੋਨ ਨੂੰ ਲੈ ਕੇ ਮੀਟਿੰਗ ਕੀਤੀ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਨੂੰ ‘ਪ੍ਰੋਐਕਟਿਵ’ ਹੋਣ ਦੀ ਲੋੜ ਹੈ।
ਇਸ ਦੇ ਨਾਲ ਹੀ ਉਨ੍ਹਾਂ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਘੱਟ ਕਰਨ ਦੀ ਯੋਜਨਾ ਦੀ ਸਮੀਖਿਆ ਕਰਨ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵਧੇਰੇ ਚੌਕਸ ਰਹਿਣ, ਮਾਸਕ ਪਹਿਨਣ ਅਤੇ ਸਹੀ ਦੂਰੀ ਸਮੇਤ ਸਾਰੇ ਰੋਕਥਾਮ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।