ਪੀਐੱਮ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਆਨਲਾਈਨ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਨੇਤਾ ਮੌਜੂਦਾ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨਗੇ ਤੇ ਨਾਲ ਹੀ ਦੱਖਣੀ ਏਸ਼ੀਆ, ਇੰਡੋ-ਪੈਸੀਫਿਕ ਤੇ ਆਪਸੀ ਹਿੱਤਾਂ ਦੇ ਗਲੋਬਲ ਮੁੱਦਿਆਂ ‘ਤੇ ਹਾਲ ਹੀ ਦੇ ਘਟਨਾਕ੍ਰਮ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।
ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਧਿਰਾਂ ਵਰਚੁਅਲ ਮੀਟਿੰਗ ਰਾਹੀਂ ਨਿਯਮਤ ਤੇ ਉੱਚ ਪੱਧਰੀ ਸੰਪਰਕ ਜਾਰੀ ਰੱਖਣਗੀਆਂ। ਇਸ ਦਾ ਉਦੇਸ਼ ਦੁਵੱਲੀ ਤੇ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।
ਦੂਜੇ ਪਾਸੇ ਵਾਸ਼ਿੰਗਟਨ ‘ਚ ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਕਿਹਾ ਕਿ ਬੈਠਕ ਦੌਰਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ, ਅਰਥਵਿਵਸਥਾ ਤੇ ਆਮ ਲੋਕਾਂ ਵਿਚਾਲੇ ਸਬੰਧਾਂ ਨੂੰ ਵਧਾਉਣ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ‘ਚ ਕਈ ਮੁੱਦੇ ਉਠਾਏ ਜਾਣਗੇ। ਇਨ੍ਹਾਂ ‘ਚ ਕੋਵਿਡ ਮਹਾਂਮਾਰੀ ਦੇ ਖਾਤਮੇ, ਜਲਵਾਯੂ ਸੰਕਟ ਨਾਲ ਨਜਿੱਠਣ, ਵਿਸ਼ਵ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਤੇ ਇੰਡੋ-ਪੈਸੀਫਿਕ ਖੇਤਰ ਦੀ ਖੁਸ਼ਹਾਲੀ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੋਵੇਗਾ। ਸਾਕੀ ਨੇ ਕਿਹਾ ਕਿ ਦੋਵੇਂ ਨੇਤਾ ਇੰਡੋ-ਪੈਸੀਫਿਕ ਆਰਥਿਕ ਬੁਨਿਆਦੀ ਢਾਂਚੇ ਤੇ ਉੱਚ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣਗੇ।