ਕੋਰੋਨਾ ਮਹਾਂਮਾਰੀ ਦੀ ਮਾਰ ਤੋਂ ਬਾਅਦ ਹੁਣ ਆਮ ਆਦਮੀ ਨੂੰ ਮਹਿੰਗੀਆਂ ਦਵਾਈਆਂ ਦੀ ਮਾਰ ਝੱਲਣੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਪੈਰਾਸੀਟਾਮੋਲ ਸਮੇਤ 800 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 1 ਅਪ੍ਰੈਲ ਤੋਂ 10.7 ਫੀਸਦੀ ਵਧਣਗੀਆਂ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਥੋਕ ਮੁੱਲ ਸੂਚਕਾਂਕ (ਡਬਲਯੂਪੀਆਈ) ਵਿੱਚ ਪਿਛਲੇ ਸਾਲ ਦੇ ਮੁਕਾਬਲੇ 10.7 ਫੀਸਦੀ ਬਦਲਾਅ ਦਾ ਐਲਾਨ ਕੀਤਾ। ਇਸ ਦਾ ਮਤਲਬ ਹੈ ਕਿ ਆਮ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਸਭ ਤੋਂ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਲਗਭਗ 800 ਦਵਾਈਆਂ ਦੀਆਂ ਕੀਮਤਾਂ 1 ਅਪ੍ਰੈਲ ਤੋਂ ਵਧ ਜਾਣਗੀਆਂ।
ਇਨ੍ਹਾਂ ‘ਚ ਬੁਖਾਰ, ਇਨਫੈਕਸ਼ਨ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਚਮੜੀ ਰੋਗ ਅਤੇ ਅਨੀਮੀਆ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਨ, ਜਿਨ੍ਹਾਂ ਦੀਆਂ ਕੀਮਤਾਂ ਵਧਣਗੀਆਂ। ਇਸ ਵਿੱਚ ਪੈਰਾਸੀਟਾਮੋਲ, ਫੀਨੋਬਾਰਬੀਟੋਨ, ਫੇਨੀਟੋਇਨ ਸੋਡੀਅਮ, ਅਜ਼ੀਥਰੋਮਾਈਸਿਨ, ਸਿਪ੍ਰੋਫਲੋਕਸਸੀਨ ਹਾਈਡ੍ਰੋਕਲੋਰਾਈਡ ਅਤੇ ਮੈਟ੍ਰੋਨੀਡਾਜ਼ੋਲ ਵਰਗੀਆਂ ਦਵਾਈਆਂ ਵੀ ਸ਼ਾਮਲ ਹਨ।