ਪਟਿਆਲਾ, 9 ਜੁਲਾਈ 2025 : ਪੰਜਾਬ ਭਰ ਵਿਚ ਪੀ. ਆਰ. ਟੀ. ਸੀ, ਰੋਡਵੇਜ਼, ਪਨਸਪ ਦੇ ਕੱਚੇ ਮੁਲਾਜਮਾਂ ਤੇ ਦੇਸ਼ ਪੱਧਰ ਤੇ ਜੋ ਕਿਰਤੀਆਂ ਵਲੋਂ ਹੜ੍ਹਤਾਲ (Strike) ਕੀਤੀ ਗਈ ਹੈ ਦਾ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਲੋਂ ਸਮਰਥਨ (Support) ਕੀਤਾ ਗਿਆ।
ਮੁਲਾਜਮਾਂ ਵਲੋਂ ਮੰਗੀਆਂ ਜਾ ਰਹੀਆਂ ਮੰਗਾਂ ਵਿਚ
ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰ ਵਿਚੋਲੀਏ ਬਾਹਰ ਕੱਢੇ ਜਾਣ, ਸਰਕਾਰੀ ਬੱਸਾਂ ਦੀ ਗਿਣਤੀ 10 ਹਜਾਰ ਕੀਤੀ ਜਾਵੇ
-ਨੌਜਵਾਨਾਂ ਨੂੰ ਪੱਕਾ ਰੋਜਗਾਰ ਦਿੱਤਾ ਜਾਵੇ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰੋ, ਨਿੱਜੀਕਰਨ ਬੰਦ ਕੀਤਾ ਜਾਵੇ, ਕੱਢੇ ਮੁਲਾਜਮ ਬਹਾਲ ਕਰੋ, ਟਰਾਂਸਪੋਰਟ ਮਾਫੀਆ ਖਤਮ ਕਰੋ, ਠੇਕੇਦਾਰੀ ਪ੍ਰਣਾਲੀ ਅਤੇ ਵਿਚੋਲੀਏ ਖਤਮ ਕਰਕੇ ਸਰਕਾਰੀ ਕੰਮਕਾਜ ਨੂੰ ਸਿੱਧਾ ਕੀਤਾ ਜਾਵੇ ਸ਼ਾਮਲ ਹਨ ।
ਪੰਜਾਬ ਸਰਕਾਰ ਲਿਆ ਰਹੀ ਹੈ ਸਿੱਧੀਆਂ ਸਰਕਾਰੀ ਬੱਸਾਂ ਦੀ ਥਾਂ ਨਵੀਆਂ ਨਿੱਜੀ ਬੱਸਾਂ
ਪੀ. ਐਸ. ਯੂ. (ਲਲਕਾਰ) (P. S. U. (Lalkar) ਆਗੂ ਹਰਪ੍ਰੀਤ ਸਿੰਘ, ਦਿਲਪ੍ਰੀਤ ਕੌਰ ਅਤੇ ਮੌਸਮ ਨੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਹੁਣ ਸਿੱਧੀਆਂ ਸਰਕਾਰੀ ਬੱਸਾਂ ਦੀ ਥਾਂ ਨਵੀਆਂ ਨਿੱਜੀ ਬੱਸਾਂ ਲਿਆ ਰਹੀ ਹੈ, ਜੋ ਵੇਖਣ ਵਿੱਚ ਤਾਂ ਸਰਕਾਰੀ ਲੱਗਦੀਆਂ ਹਨ ਪਰ ਚੱਲਦੀਆਂ ਨਿੱਜੀ ਢੰਗ ਨਾਲ ਹਨ।
ਠੇਕੇਦਾਰ ਹਨ ਕਿਸੇ ਮੰਤਰੀ ਜਾਂ ਮੰਤਰੀਆਂ ਦੇ ਭਾਈਵਾਲ ਹੀ
ਉਨ੍ਹਾਂ ਕਿਹਾ ਕਿ ਇਹ ਬੱਸਾਂ ਕਿਸੇ ਸਰਕਾਰੀ ਵਿਵਸਥਾ ਦੇ ਤਹਿਤ ਨਹੀਂ ਸਿੱਧਾ ਨਿੱਜੀ ਲਾਭ ਲਈ ਚਲਾਈਆਂ ਜਾ ਰਹੀਆਂ ਹਨ, ਜਿਸਦਾ ਸਾਰਾ ਮੁਨਾਫਾ ਨਿੱਜੀ ਠੇਕੇਦਾਰਾਂ ਦੀ ਜੇਬ ਵਿੱਚ ਜਾਂਦਾ ਹੈ । ਉਕਤ ਆਗੂਆਂ ਆਖਿਆ ਕਿ ਇਹ ਠੇਕੇਦਾਰ ਕਿਸੇ ਮੰਤਰੀ ਜਾਂ ਮੰਤਰੀਆਂ ਦੇ ਭਾਈਵਾਲ ਹੀ ਹਨ । ਇਹ ਪੂਰੀ ਪ੍ਰਕਿਰਿਆ ਪੀ. ਆਰ. ਟੀ. ਸੀ. ਦੇ ਨਿੱਜੀਕਰਨ (Personalization) ਨੂੰ ਬੇਹੱਦ ਤੇਜੀ ਨਾਲ ਅੱਗੇ ਵਧਾਉਂਦੀ ਹੈ । ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਲਗਭਗ 500 ਨਵੀਆਂ ਨਿੱਜੀ ਬੱਸਾਂ ਨੂੰ ਪਰਮਿਟ ਦਿੱਤੇ ਹਨ ਜੋ ਸਰਕਾਰੀ ਰੂਟਾਂ `ਤੇ ਚੱਲ ਰਹੀਆਂ ਹਨ, ਇਸ ਕਾਰਨ ਮੁਲਾਜਮਾਂ, ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਬੱਸਾਂ ਵਿੱਚ ਵਿਦਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਮਿਲੀ ਹੈ ਵਿਦਿਆਰਥੀਆਂ ਦੇ ਸੰਘਰਸ਼ ਨਾਲ
ਪੀ. ਐਸ. ਯੂ. (ਲਲਕਾਰ) ਆਗੂ ਹਰਪ੍ਰੀਤ ਸਿੰਘ, ਦਿਲਪ੍ਰੀਤ ਕੌਰ ਅਤੇ ਮੌਸਮ ਨੇ ਕਿਹਾ ਕਿ ਬੱਸਾਂ ਵਿੱਚ ਵਿਦਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਵਿਦਿਆਰਥੀਆਂ ਦੇ ਸੰਘਰਸ਼ ਨਾਲ ਮਿਲੀ ਹੈ । ਵਿਦਿਆਰਥੀਆਂ ਦੀ ਤਾਕਤ ਕਰਕੇ ਇਹ ਬੱਸ ਪਾਸ ਦੀ ਸਹੂਲਤ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਬੱਸਾਂ ਵਿੱਚ ਚੱਲਦੀ ਸੀ । ਪੰਜਾਬ ਦੇ ਲੱਖਾਂ ਵਿਦਿਆਰਥੀ ਰੋਜਾਨਾ ਸਰਕਾਰੀ ਬੱਸਾਂ `ਤੇ ਸਫਰ ਕਰਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਦੀ ਹੈ। ਦੂਰ-ਦੁਰਾਡੀਆਂ ਥਾਵਾਂ `ਤੇ ਪੜ੍ਹਦੇ ਵਿਦਿਆਰਥੀ ਜੋ ਸਿਰਫ ਸਰਕਾਰੀ ਬੱਸਾਂ ਰਾਹੀਂ ਸਿੱਖਿਆ ਸੰਸਥਾਵਾਂ ਤੱਕ ਪਹੁੰਚਦੇ ਹਨ, ਉਨ੍ਹਾਂ ਲਈ ਇਹ ਸਹੂਲਤਾਂ ਖਤਮ ਹੋਣ ਨਾਲ ਪੜ੍ਹਾਈ ਜਾਰੀ ਰੱਖਣ ਦੇ ਸੰਕਟ ਖੜ੍ਹੇ ਹੋ ਜਾਂਦੇ ਹਨ ।
ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਕਰ ਰਹੀਆਂ ਹਨ ਸਿੱਧਾ ਆਮ ਲੋਕਾਂ ਅਤੇ ਵਿਦਿਆਰਥੀਆਂ ਉੱਤੇ ਮਾਰ
ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਇਹ ਨੀਤੀਆਂ ਸਿੱਧਾ ਆਮ ਲੋਕਾਂ ਅਤੇ ਵਿਦਿਆਰਥੀਆਂ ਉੱਤੇ ਮਾਰ ਕਰ ਰਹੀਆਂ ਹਨ। ਸਰਕਾਰੀ ਅਦਾਰੇ ਅਤੇ ਸਹੂਲਤਾਂ ਲੋਕਾਂ ਦੇ ਸੰਘਰਸ਼ਾਂ ਨਾਲ਼ ਲਏ ਹਨ । ਇਹ ਅਦਾਰੇ ਲੋਕਾਂ ਦੀਆਂ ਲੋੜਾਂ ਤੋਂ ਪਹਿਲਾਂ ਹੀ ਬਹੁਤ ਘੱਟ ਹਨ, ਲੋਕਾਂ ਦੀ ਲੋੜ ਅਨੁਸਾਰ ਇਹਨਾਂ ਵਿੱਚ ਵਾਧਾ ਤਾਂ ਕੀ ਕਰਨਾ ਸੀ ਉਲਟਾ ਸਰਕਾਰਾਂ ਇਹਨਾਂ ਦਾ ਖਾਤਮਾ ਕਰਨ ਲੱਗੀਆਂ ਹੋਈਆਂ ਹਨ ।
ਕੇਂਦਰ ਸਰਕਾਰ ਕੀਤਾ ਪਿਛਲੇ 5 ਸਾਲਾਂ ਵਿੱਚ ਲਗਭਗ 6 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਸੰਪਤੀਆਂ ਦਾ ਨਿੱਜੀਕਰਨ
ਉਨ੍ਹਾਂ ਕਿਹਾ ਕਿ ਰੇਲਵੇ, ਏਅਰਲਾਈਨ, ਬੀ. ਐਸ. ਐਨ. ਐਲ., ਸਕੂਲ, ਸੜਕਾਂ , ਕਾਲਜ ਅਤੇ ਯੂਨੀਵਰਸਿਟੀਆਂ ਵਰਗੇ ਸਰਕਾਰੀ ਅਦਾਰੇ ਹੁਣ ਨਿੱਜੀ ਹੱਥਾਂ ਵਿੱਚ ਦਿੱਤੇ ਜਾ ਰਹੇ ਹਨ । ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 6 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਸੰਪਤੀਆਂ ਦਾ ਨਿੱਜੀਕਰਨ ਕੀਤਾ ਹੈ, ਜਿਹਨਾਂ ਵਿੱਚ ਏਅਰ ਇੰਡੀਆ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐਲ.) ਅਤੇ ਕਈ ਰੇਲਵੇ ਸਟੇਸ਼ਨ ਅਤੇ ਹੋਰ ਬਹੁਤ ਅਦਾਰੇ ਸ਼ਾਮਲ ਹਨ। ਜੋ ਲੋਕਾਂ ਦੇ ਅਧਿਕਾਰ ਅਤੇ ਸਹੂਲਤਾਂ ਉੱਤੇ ਡਾਕਾ ਹੈ ।
ਨਿੱਜੀਕਰਨ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ ਸਾਡੇ ਏਕੇ ਨਾਲ਼ ਹੀ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦਾ ਮੰਨਣਾ ਹੈ ਕਿ ਇਸ ਨਿੱਜੀਕਰਨ ਦੇ ਹਮਲੇ ਨੂੰ ਸਾਡੇ ਏਕੇ ਨਾਲ਼ ਹੀ ਰੋਕਿਆ ਜਾ ਸਕਦਾ ਹੈ ਅਤੇ ਪੀ. ਐੱਸ. ਯੂ. (ਲਲਕਾਰ) ਇਹ ਸਾਫ਼ ਕਰਨਾ ਚਾਹੁੰਦੀ ਹੈ ਕਿ ਵਿਦਿਆਰਥੀ ਵਰਗ ਇਸ ਨਿੱਜੀਕਰਨ ਦੀ ਸਾਜ਼ਿਸ਼ ਦਾ ਹਿੱਸਾ ਨਹੀਂ ਬਣੇਗਾ ਸਗੋਂ ਇਸਦਾ ਡਟ ਕੇ ਵਿਰੋਧ ਕਰੇਗਾ।
Read More : ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ