ਹੁਣ ਡ੍ਰੋਨ ਰਾਹੀਂ ਚੰਡੀਗੜ੍ਹ PGI ਪਹੁੰਚਣਗੇ ਅੰਗ; ਟਰੈਫਿਕ ਕਾਰਨ ਆਉਂਦੀ ਸੱਮਸਿਆ ਤੋਂ ਮਿਲੇਗੀ ਨਿਜਾਤ
ਚੰਡੀਗੜ੍ਹ : ਅੱਜਕਲ ਤਕਨਾਲੋਜੀ ਮੈਡੀਕਲ ਖੇਤਰ ‘ਚ ਵੀ ਆਵਾਜਾਈ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਸੰਦਰਭ ‘ਚ, ਦਵਾਈਆਂ ਅਤੇ ਹੋਰ ਜ਼ਰੂਰੀ ਮੈਡੀਕਲ ਵਸਤੂਆਂ ਨੂੰ ਡਰੋਨ ਦੀ ਵਰਤੋਂ ਕਰਕੇ ਦੂਰ-ਦੁਰਾਡੇ ਦੇ ਸਥਾਨਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਰਿਹਾ ਹੈ।
ਚੰਡੀਗੜ੍ਹ ਪੀਜੀਆਈ ਨੂੰ ਮਿਲਿਆ ਡਰੋਨ
ਦੱਸ ਦਈਏ ਕਿ ਚੰਡੀਗੜ੍ਹ ਪੀਜੀਆਈ ਨੂੰ ਇੱਕ ਘੰਟੇ ਵਿੱਚ 100 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲਾ ਡਰੋਨ ਮਿਲਿਆ ਹੈ। ਇਸ ਡਰੋਨ ਰਾਹੀਂ ਥੋੜ੍ਹੇ ਸਮੇਂ ਵਿੱਚ ਦੂਜੇ ਰਾਜਾਂ ਤੋਂ ਅੰਗ ਲਿਆਂਦੇ ਅਤੇ ਪਹੁੰਚਾਏ ਜਾ ਸਕਦੇ ਹਨ। ਇਸ ਤੋਂ ਪਹਿਲਾਂ ਐਮਰਜੈਂਸੀ ਸਥਿਤੀਆਂ ਵਿੱਚ ਐਂਬੂਲੈਂਸਾਂ ਰਾਹੀਂ ਅੰਗ ਲਿਆਂਦੇ ਜਾਂਦੇ ਸਨ। ਕਈ ਵਾਰ ਟਰੈਫਿਕ ਕਾਰਨ ਆਰਗਨ ਦੇਰੀ ਨਾਲ ਪੀਜੀਆਈ ਪਹੁੰਚਦਾ ਸੀ।
ਇਹ ਵੀ ਪੜੋ:ਸੰਸਦ ਦਾ ਸਰਦ ਰੁੱਤ ਇਜਲਾਸ: ਅੱਜ ਵੀ ਕੇਂਦਰ ਨੂੰ ਇਨ੍ਹਾਂ ਮੁੱਦਿਆਂ ‘ਤੇ ਘੇਰੇਗੀ ਵਿਰੋਧੀ ਧਿਰ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਡਰੋਨ ਦਾ ਵਜ਼ਨ 18 ਕਿਲੋ ਹੈ ਅਤੇ ਇਹ 5 ਕਿਲੋ ਭਾਰ ਚੁੱਕ ਸਕਦਾ ਹੈ। ਇਹ ਸੈਟੇਲਾਈਟ ਦੀ ਮਦਦ ਨਾਲ ਚੱਲੇਗਾ। ਇਸ ‘ਚ ਲੋਕੇਸ਼ਨ ਸੈੱਟ ਹੋ ਜਾਵੇਗੀ ਅਤੇ ਇਹ ਆਪਣੇ ਆਪ ਉਸ ਜਗ੍ਹਾ ‘ਤੇ ਪਹੁੰਚ ਜਾਵੇਗਾ। ਇਹ 4 ਹਜ਼ਾਰ ਫੁੱਟ ਦੀ ਉਚਾਈ ‘ਤੇ ਜਹਾਜ਼ ਦੀ ਤਰ੍ਹਾਂ ਉੱਡੇਗਾ। ਇਸ ਦੀ ਵਰਤੋਂ ਜ਼ਿਆਦਾਤਰ ਹਿਮਾਚਲ ਦੇ ਬਿਲਾਸਪੁਰ ਸਥਿਤ ਏਮਜ਼ ਤੋਂ ਅੰਗ ਲਿਆਉਣ ਲਈ ਕੀਤੀ ਜਾਵੇਗੀ। ਜਿੱਥੇ ਪਹਿਲਾਂ ਹਿਮਾਚਲ ਤੋਂ ਅੰਗ ਲਿਆਉਣ ਲਈ 4 ਘੰਟੇ ਲੱਗਦੇ ਸਨ, ਹੁਣ ਸਿਰਫ ਇੱਕ ਘੰਟਾ ਲੱਗੇਗਾ।