ਸਾਲਾਨਾ ਪ੍ਰੀਖਿਆਵਾਂ ਲਈ ਨਿਰਧਾਰਤ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ ਆਮ ਪਬਲਿਕ ਦੇ ਇੱਕਠ ਦੀ ਮਨਾਹੀ ਦੇ ਹੁਕਮ ਜਾਰੀ
ਫ਼ਰੀਦਕੋਟ 17 ਫਰਵਰੀ: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਓਜਸਵੀ ਅਲੰਕਾਰ ਆਈ.ਏ.ਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੀ.ਬੀ.ਐਸ.ਈ ਜਮਾਤ 10ਵੀ ਅਤੇ 12ਵੀਂ ਦੀਆਂ ਪ੍ਰੀਖਿਆਵਾਂ, ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ. ਨਗਰ, (ਮੋਹਾਲੀ) ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਸੈਸ਼ਨ 2025 ਦੀਆਂ ਸਾਲਾਨਾ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਲਈ ਨਿਰਧਾਰਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ 04 ਅਪ੍ਰੈਲ,2025 ਤੱਕ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਉਨ੍ਹਾਂ ਵਿਅਕਤੀਆਂ ਜੋ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ਤੇ ਹੋਣਗੇ ਅਤੇ ਐਮਰਜੰਸੀ ਸੇਵਾਵਾਂ ਜਿਵੇਂ ਕਿ ਮੈਡੀਕਲ ਐਬੂਲੈਂਸ, ਫਾਇਰ ਬ੍ਰਿਗੇਡ ਆਦਿ ਤੇ ਲਾਗੂ ਨਹੀਂ ਹੋਣਗੇ ।
4 ਅਪ੍ਰੈਲ ਤੱਕ ਲਾਗੂ ਰਹਿਣਗੇ ਹੁਕਮ
ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ 19 ਫਰਵਰੀ, 2025 ਤੋਂ 04 ਅਪ੍ਰੈਲ, 2025 ਤੱਕ ਜ਼ਿਲ੍ਹਾ ਫ਼ਰੀਦਕੋਟ ਵਿਚ ਸਥਾਪਿਤ ਕੀਤੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾ ਰਹੀ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਵਿਘਨ ਪਾਉਣ ਵਾਲੇ ਅਨਸਰ ਇਕੱਠੇ ਹੋ ਜਾਂਦੇ ਹਨ, ਇਸ ਲਈ ਪ੍ਰੀਖਿਆ ਵਿੱਚ ਵਿਘਨ ਪਾਉਣ ਵਾਲੇ ਅਨਸਰਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ, ਟਰੈਫਿਕ ਦੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਲਈ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ਅਤੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ਦੇ ਇੱਕਠੇ ਹੋਣ ਦੀ ਮਨਾਹੀ ਕਰਨਾ ਅਤਿ ਜ਼ਰੂਰੀ ਹੈ, ਤਾਂ ਕਿ ਅਜਿਹੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ । ਇਹ ਹੁਕਮ 04 ਅਪ੍ਰੈਲ, 2025 ਤੱਕ ਲਾਗੂ ਰਹੇਗਾ।