ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ 2025 : ਨੌਵੇਂ ਪਾਤਸ਼ਾਹ (The Ninth King) ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਬੰਧੀ ਵਿਸ਼ਾਲ ਸਮਾਗਮਾਂ ਵਾਸਤੇ ਸੁਚਾਰੂ ਅਤੇ ਸੁਰੱਖਿਅਤ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਆਪਕ ਸੁਰੱਖਿਆ, ਸਹੂਲਤ ਅਤੇ ਟ੍ਰੈਫਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ।
ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਦੀਆਂ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ
ਮੀਡੀਆ ਨੂੰ ਸੰਬੋਧਨ ਕਰਦਿਆਂ ਡੀ. ਜੀ. ਪੀ. (D. G. P.) ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਪੇਸ਼ੇਵਰਤਾ, ਵਚਨਬੱਧਤਾ, ਦਇਆ-ਭਾਵਨਾ ਅਤੇ ਸ਼ਰਧਾ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਂਦਿਆਂ ਆਪਣੀ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਹਨ । ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਡੀ. ਜੀ. ਪੀ. (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਅਤੇ ਵਿਸ਼ੇਸ਼ ਡੀ. ਜੀ. ਪੀ. (ਇੰਟੈਲੀਜੈਂਸ) ਪ੍ਰਵੀਨ ਸਿਨਹਾ ਵੀ ਮੌਜੂਦ ਸਨ । 23 ਤੋਂ 25 ਨਵੰਬਰ, 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਯਾਦਗਾਰੀ ਸਮਾਗਮਾਂ ਵਿੱਚ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ । ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 8,000 ਤੋਂ ਵੱਧ ਪੁਲਸ ਕਰਮਚਾਰੀਆਂ (Police officers) ਦੀ ਇੱਕ ਵੱਡੀ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ, ਸੁਚਾਰੂ ਆਉਣ-ਜਾਣ ਅਤੇ ਆਰਾਮਦਾਇਕ ਅਨੁਭਵ ਨੂੰ ਯਕੀਨੀ ਬਣਾਇਆ ਜਾ ਸਕੇ ।
ਸ਼ਰਧਾਲੂਆਂ ਦੀ ਸਹੂਲਤ ਲਈ ਡਿਜੀਟਲ ਨਿਗਰਾਨੀ ਨਾਲ ਸਮਰਥਿਤ ਪਾਰਕਿੰਗ ਥਾਵਾਂ, 24×7 ਸ਼ਟਲ ਬੱਸ ਸੇਵਾ ਉਪਲੱਬਧ ਹੋਵੇਗੀ : ਡੀ. ਜੀ. ਪੀ. ਗੌਰਵ ਯਾਦਵ
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੁਰੱਖਿਆ ਪ੍ਰਬੰਧ ਅਤਿ-ਆਧੁਨਿਕ ਤਕਨਾਲੋਜੀ ‘ਤੇ ਅਧਾਰਤ ਹਨ ਅਤੇ ਸ਼ਹਿਰ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਸਥਾਨਾਂ ‘ਤੇ ਆਟੋਮੈਟਿਕ ਨੰਬਰ ਪਲੇਟ ਰੈਕੋਗੀਨੇਸ਼ਨ (ਏ. ਐਨ. ਪੀ. ਆਰ.), ਪੀਟੀਜ਼ੈਡ, ਅਤੇ ਚਿਹਰੇ ਦੀ ਪਛਾਣ ਵਾਲੇ ਕੈਮਰਿਆਂ ਦੇ ਨਾਲ ਡਰੋਨ ਨਿਗਰਾਨੀ ਦੀ ਵਿਵਸਥਾ ਕੀਤੀ ਗਈ ਹੈ, ਜਿਸ ਲਈ ਇੱਕ ਉੱਚ-ਤਕਨੀਕੀ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ ।
ਪੰਜਾਬ ਪੁਲਸ ਵੱਲੋਂ ਯਾਦਗਾਰੀ ਸਮਾਗਮਾਂ ਦੇ ਸੁਚਾਰੂ ਅਤੇ ਸੁਰੱਖਿਅਤ ਅਮਲ ਨੂੰ ਯਕੀਨੀ ਬਣਾਉਣ ਲਈ 8000 ਤੋਂ ਵੱਧ ਕਰਮਚਾਰੀ ਅਤੇ ਉੱਚ-ਤਕਨੀਕੀ ਨਿਗਰਾਨ ਪ੍ਰਣਾਲੀ ਤਾਇਨਾਤ
ਡੀ. ਜੀ. ਪੀ. ਨੇ ਕਿਹਾ ਕਿ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ (Systematic method) ਨਾਲ 25 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਦਾ ਆਪਣਾ ਸਬ-ਕੰਟਰੋਲ ਰੂਮ ਅਤੇ ਹੈਲਪ ਡੈਸਕ ਹੈ ਤਾਂ ਜੋ ਕੁਸ਼ਲ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ । ਸ਼ਰਧਾਲੂਆਂ ਦੀ ਸਹੂਲਤ ਲਈ, ਵਿਆਪਕ ਟ੍ਰੈਫਿਕ ਅਤੇ ਲੌਜਿਸਟਿਕਲ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਸ ਵਿੱਚ ਸਾਰੇ ਸਥਾਨਾਂ ਅਤੇ ਟੈਂਟ ਸਿਟੀਜ਼ ਲਈ 24×7 ਸ਼ਟਲ ਸੇਵਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੰਗਤ ਦੀ ਸੁਚਾਰੂ ਆਵਾਜਾਈ ਅਤੇ ਜ਼ਮੀਨੀ ਪੱਧਰ ‘ਤੇ ਮਜ਼ਬੂਤ ਪ੍ਰਬੰਧਨ ਲਈ ਰਣਨੀਤਕ ਤੌਰ ‘ਤੇ ਸਮਾਰਟ ਬੈਰੀਕੇਡਿੰਗ ਪ੍ਰਣਾਲੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ।
ਸੁਰੱਖਿਆ ਦਾਇਰੇ ਦੀ ਮਜ਼ਬੂਤੀ ਲਈ ਏ. ਐਨ. ਪੀ. ਆਰ., ਚਿਹਰੇ ਦੀ ਪਛਾਣ ਵਾਲੇ ਕੈਮਰੇ ਅਤੇ ਡਰੋਨ ਸਹੂਲਤ ਦਾ ਪ੍ਰਬੰਧ : ਡੀ. ਜੀ. ਪੀ. ਗੌਰਵ ਯਾਦਵ
ਸ਼ਰਧਾਲੂਆਂ ਲਈ ਨਿਰਵਿਘਨ ਟ੍ਰੈਫਿਕ ਪ੍ਰਬੰਧਨ (Smooth traffic management) ਅਤੇ ਘੱਟੋ-ਘੱਟ ਪਰੇਸ਼ਾਨੀ ਲਈ ਜ਼ਿਲ੍ਹਾ ਪੁਲਸ ਨੇ ਆਈ. ਆਈ. ਟੀ. ਰੋਪੜ ਨਾਲ ਸਾਂ ਝੇਦਾਰੀ ਤਹਿਤ ਸੰਗਤ ਦੇ ਮਾਰਗਦਰਸ਼ਨ ਅਤੇ ਕੁਸ਼ਲ ਟ੍ਰੈਫਿਕ ਪ੍ਰਬੰਧਨ ਲਈ ਪਾਰਕਿੰਗ ਜ਼ੋਨਾਂ ਦੀ ਰੀਅਲ-ਟਾਈਮ ਡਿਜੀਟਲ ਮੈਪਿੰਗ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਤੋਂ ਇਲਾਵਾ ਦੇਸ਼ ਭਰ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਅਤੇ ਢੁਕਵੀਂ ਵਿਵਸਥਾ ਨੂੰ ਬਣਾਈ ਰੱਖਣ ਲਈ ਐਡਵਾਂਸਡ ਸਰਵੇਲੈਂਸ ਗਰਿੱਡ, ਆਧੁਨਿਕ ਟ੍ਰੈਫਿਕ ਪ੍ਰਬੰਧਨ ਅਤੇ ਮਜ਼ਬੂਤ ਫੀਲਡ ਨਿਗਰਾਨ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਹਨ।
ਵਿਆਪਕ ਐਮਰਜੈਂਸੀ ਯੋਜਨਾਵਾਂ, ਜਿਸ ਵਿੱਚ ਸੰਗਤ ਦੀ ਆਵਾਜਾਈ, ਰਿਕਵਰੀ ਵੈਨਾਂ ਅਤੇ ਮੁਹੱਲਾ ਕਲੀਨਿਕ ਤੇ ਰੈਫਰਲ ਹਸਪਤਾਲ ਵਰਗੀਆਂ ਡਾਕਟਰੀ ਸੇਵਾਵਾਂ ਸ਼ਾਮਲ ਹਨ
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਇੱਕ ਸੁਚਾਰੂ, ਸੁਰੱਖਿਅਤ ਅਤੇ ਅਧਿਆਤਮਿਕ ਤੌਰ ‘ਤੇ ਸੰਪੂਰਨ ਅਨੁਭਵ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ-ਅਧਾਰਤ ਸਹੂਲਤ ਪ੍ਰਣਾਲੀਆਂ, ਜਿਸ ਵਿੱਚ ਸਮਰਪਿਤ ਹੈਲਪ ਡੈਸਕ, ਜਨਤਕ ਸਹੂਲਤਾਂ ਅਤੇ ਰੀਅਲ-ਟਾਈਮ ਨਿਗਰਾਨੀ ਡੈਸ਼ਬੋਰਡ ਸ਼ਾਮਲ ਹਨ, ਸਥਾਪਿਤ ਕੀਤੀਆਂ ਗਈਆਂ ਹਨ । ਉਨ੍ਹਾਂ ਅੱਗੇ ਕਿਹਾ ਕਿ ਵਿਆਪਕ ਐਮਰਜੈਂਸੀ ਯੋਜਨਾਵਾਂ, ਜਿਸ ਵਿੱਚ ਸੰਗਤ ਦੀ ਆਵਾਜਾਈ, ਰਿਕਵਰੀ ਵੈਨਾਂ ਅਤੇ ਮੁਹੱਲਾ ਕਲੀਨਿਕ ਤੇ ਰੈਫਰਲ ਹਸਪਤਾਲ ਵਰਗੀਆਂ ਡਾਕਟਰੀ ਸੇਵਾਵਾਂ ਸ਼ਾਮਲ ਹਨ, ਦੀ ਵੀ ਢੁਕਵੀਂ ਵਿਵਸਥਾ ਕੀਤੀ ਗਈ ਹੈ ।
ਫੋਰਸ ਦੀ ਤਾਇਨਾਤੀ ਨੂੰ ਬ੍ਰੀਫਿੰਗ ਕਰਨ ਲਈ ਕਿਊ.ਆਰ. ਕੋਡਾਂ ਦੀ ਵਰਤੋਂ ਕੀਤੀ ਗਈ ਹੈ
ਉਨ੍ਹਾਂ ਕਿਹਾ ਕਿ ਫੋਰਸ ਦੀ ਤਾਇਨਾਤੀ ਨੂੰ ਬ੍ਰੀਫਿੰਗ ਕਰਨ ਲਈ ਕਿਊ.ਆਰ. ਕੋਡਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਸਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਭੀੜ-ਭੜੱਕੇ ਵਾਲੇ ਅਤੇ ਸੰਵੇਦਨਸ਼ੀਲ ਸਥਾਨਾਂ ‘ਤੇ ਮਹਿਲਾ ਪੁਲਿਸ ਅਤੇ ਵਿਸ਼ੇਸ਼ ਸਿਵਲ ਵਰਦੀਧਾਰੀ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੋਪੜ ਜ਼ਿਲ੍ਹੇ ਅਤੇ ਇਸਦੇ ਆਲੇ ਦੁਆਲੇ ਦੇ ਸਨੈਚਰਾਂ ਨਾਲ ਸਬੰਧਤ ਡੇਟਾ ਨੂੰ ਚਿਹਰੇ ਦੀ ਪਛਾਣ ਕਰਨ ਵਾਲੀ ਪ੍ਰਣਾਲੀ ਨਾਲ ਜੋੜਿਆ ਗਿਆ ਹੈ ।
ਰੂਪਨਗਰ ਜ਼ਿਲ੍ਹੇ ਵਿੱਚ ਰੋਪੜ ਪੁਲਿਸ ਲਾਈਨ ਵਿਖੇ ਆਡੀਟੋਰੀਅਮ ਅਤੇ ਨਵੀਨੀਕਰਨ ਕੀਤੀ ਗਈ ਜੀ. ਓ. ਮੈਸ. ਅਤੇ ਥਾਣਾ ਸਿੰਘ ਭਗਵੰਤਪੁਰ ਦਾ ਉਦਘਾਟਨ ਕੀਤਾ
ਡੀ. ਜੀ. ਪੀ. ਨੇ ਕਿਹਾ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਗਰਿਕਾਂ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮਾਗਮ ਦੀ ਪਵਿੱਤਰਤਾ ਬਣਾਈ ਰੱਖਣ ਲਈ ਨਿਮਰਤਾ ਅਤੇ ਸਤਿਕਾਰ ਨਾਲ ਆਪਣੇ ਫਰਜ਼ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਡੀ. ਜੀ. ਪੀ. ਗੌਰਵ ਯਾਦਵ ਨੇ ਰੂਪਨਗਰ ਜ਼ਿਲ੍ਹੇ ਵਿੱਚ ਰੋਪੜ ਪੁਲਿਸ ਲਾਈਨ ਵਿਖੇ ਆਡੀਟੋਰੀਅਮ ਅਤੇ ਨਵੀਨੀਕਰਨ ਕੀਤੀ ਗਈ ਜੀ. ਓ. ਮੈਸ. ਅਤੇ ਥਾਣਾ ਸਿੰਘ ਭਗਵੰਤਪੁਰ ਦਾ ਉਦਘਾਟਨ ਕੀਤਾ । ਇਸ ਮੌਕੇ ਏ. ਡੀ. ਜੀ. ਪੀ. ਕਾਨੂੰਨ ਅਤੇ ਵਿਵਸਥਾ ਐਸ. ਐਸ. ਪਰਮਾਰ, ਏ. ਡੀ. ਜੀ. ਪੀ. ਇੰਟਰਨਲ ਵਿਜੀਲੈਂਸ ਨੌਨਿਹਾਲ ਸਿੰਘ, ਆਈ. ਜੀ. ਪ੍ਰੋਵੀਜ਼ਨਿੰਗ ਐਸ ਭੂਪਤੀ, ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ, ਡੀ. ਆਈ. ਜੀ. ਰੋਪੜ ਰੇਂਜ ਨਾਨਕ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਐਸ. ਐਸ. ਪੀ. ਰੂਪਨਗਰ ਗੁਲਨੀਤ ਖੁਰਾਨਾ ਅਤੇ ਡੀ. ਜੀ. ਪੀ. ਪੰਜਾਬ ਦੇ ਸਟਾਫ ਅਫਸਰ ਦਰਪਨ ਆਹਲੂਵਾਲੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ।
Read More : ਡੀ. ਜੀ. ਪੀ. ਪੰਜਾਬ ਨੇ ਕੀਤੇ ਪੁਲਸ ਵਿੱਚ 3400 ਕਾਂਸਟੇਬਲਾਂ ਦੀ ਸਿੱਧੀ ਭਰਤੀ ਦੇ ਹੁਕਮ









