ਚੰਡੀਗੜ੍ਹ/ਮੋਹਾਲੀ, 21 ਜੁਲਾਈ 2025 : ਅਹਿਮਦਾਬਾਦ ਜਹਾਜ਼ ਹਾਦਸੇ (Ahmedabad plane crash) `ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਗਿਆ ਹੈ ਬਲਕਿ ਹਾਦਸੇ `ਚ ਮਾਰੀਆਂ ਗਈਆਂ ਸਵਾਰੀਆਂ ਨੂੰ ਜਿਨ੍ਹਾਂ ਮੁਆਵਜ਼ਾ ਦਿੱਤਾ ਗਿਆ ਹੈ ਓਨਾਂ ਹੀ ਮੁਆਵਜ਼ਾ ਬੀ. ਜੇ. ਮੈਡੀਕਲ ਕਾਲਜ ਦੇ ਮਰੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਦਿੱਤਾ ਗਿਆ ਹੈ, ਇਹ ਗੱਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਰਾਪੂ ਜਰਾਮ ਮੋਹਨ ਨਾਇਡੂ (Union Civil Aviation Minister K.J. Naidu) ਨੇ ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਤੇ ਸਾਂਸਦ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ `ਚ ਕਹੀਆਂ।
ਮੈਂਬਰ ਪਾਰਲੀਮੈਂਟ ਸੰਧੂ ਦੇ ਸਵਾਲ ਚੁੱਕਣ ਤੇ ਦਿੱਤਾ ਗਿਆ ਹੈ ਜਵਾਬ
ਸੋਮਵਾਰ ਨੂੰ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸਤਨਾਮ ਸੰਧੂ (Satnam Sandhu) ਨੇ ਉੱਚ ਸਦਨ `ਚ ਇਹ ਸਵਾਲ ਉਠਾਇਆ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਅਹਿਮਾਦਬਾਦ ਜਹਾਜ਼ ਹਾਦਸੇ `ਚ ਮਾਰੀਆਂ ਗਈਆਂ ਸਵਾਰੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਹੈ, ਕੀ ਇਸ ਹਾਦਸੇ `ਚ ਮਾਰੇ ਗਏ ਬੀਜੇ ਮੈਡੀਕਲ ਕਾਲਜ ਦੇ ਵਿੱਦਿਆਰਥੀਆਂ ਦੇ ਪਰਿਵਾਰ ਨੂੰ ਵੀ ਮੁਆਵਜ਼ਾ ਮਿਲਿਆ ਹੈ? ਇਨ੍ਹਾਂ ਵਿੱਦਿਆਰਥੀਆਂ ਦੇ ਪਰਿਵਾਰ ਇਸ ਸਮੇਂ ਜਿਹੜੀ ਮਾਨਸਿਕ ਸਥਿਤੀ ਵਿੱਚੋਂ ਲੰਘ ਰਹੇ ਹਨ, ਕੀ ਉਸ ਦੇ ਲਈ ਉੇਨ੍ਹਾਂ ਨੂੰ ਕੋਈ ਮੈਡੀਕਲ ਸਹੂਲਤ ਉਪਲਬਧ ਕਰਵਾਈ ਗਈ ਹੈ।
ਕੇਂਦਰ ਨੇ ਜਹਾਜ਼ ਅੰਦਰ ਤੇ ਬਾਹਰ ਮਾਰੇ ਗਏ ਲੋਕਾਂ ਵਿਚਾਲੇ ਕੋਈ ਫਰਕ ਨਹੀਂ ਕੀਤਾ
ਕੇਂਦਰੀ ਮੰਤਰੀ ਨੇ ਕਿਹਾ ਕਿ ਏਅਰ ਇੰਡੀਆ ਤੇ ਕੇਂਦਰ ਸਰਕਾਰ ਵੱਲੋਂ ਜਹਾਜ਼ ਦੇ ਅੰਦਰ ਤੇ ਬਾਹਰ ਮਾਰੇ ਗਏ ਲੋਕਾਂ ਵਿਚਾਲੇ ਕੋਈ ਫ਼ਰਕ ਨਹੀਂ ਕੀਤਾ ਗਿਆ। ਸ਼ੁਰੂਆਤ ਤੋਂ ਹੀ ਸਰਕਾਰ ਨੇ ਜਹਾਜ਼ ਹਾਦਸੇ `ਚ ਮਾਰੀਆਂ ਗਈਆਂ ਸਵਾਰੀਆਂ ਤੇ ਮੈਡੀਕਲ ਕਾਲਜ ਦੇ ਵਿੱਦਿਆਰਥੀਆਂ ਦਾ ਧਿਆਨ ਰੱਖਿਆ ਹੈ। ਪੀੜਤ ਭਾਵੇਂ ਜਹਾਜ਼ ਦੇ ਅੰਦਰ ਮਾਰੇ ਗਏ ਜਾਂ ਬਾਹਰ, ਸਰਕਾਰ ਨੇ ਦਰਦਨਾਕ ਹਾਦਸੇ `ਚ ਮਾਰੇ ਗਏ ਹਰ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਦਸੇ `ਚ ਮਾਰੇ ਗਏ ਮੈਡੀਕਲ ਕਾਲਜ ਦੇ ਵਿੱਦਿਆਰਥੀਆਂ ਦੇ ਪਰਿਵਾਰਾਂ ਨੂੰ ਨਾ ਸਿਰਫ਼ ਮੁਆਵਜ਼ਾ ਦਿੱਤਾ ਗਿਆ, ਬਲਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੀੜਤ ਪਰਿਵਾਰਾਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਹਰ ਸੰਭਵ ਕਦਮ ਚੁੱਕੇ ਗਏ ਹਨ।
ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਸੋਮਵਾਰ ਤੋਂ
ਜ਼ਿਕਰਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ। ਪਹਿਲੇ ਦਿਨ ਸੰਸਦ `ਚ ਅਹਿਮਦਾਬਾਦ ਜਹਾਜ਼ ਹਾਦਸੇ ਦਾ ਮੁੱਦਾ ਗੂੰਜਿਆ। ਪ੍ਰਸ਼ਨਕਾਲ ਦੌਰਾਨ ਜ਼ਿਆਦਾਤਰ ਸਵਾਲ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਨੂੰ ਲੈਕੇ ਹੀ ਪੁੱਛੇ ਗਏ। 12 ਜੂਨ 2025 ਨੂੰ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋਈ ਸੀ, ਜਿਸ ਵਿੱਚ ਜਹਾਜ਼ `ਚ ਮੌਜੂਦ ਸਵਾਰੀਆਂ ਤੇ ਮੈਡੀਕਲ ਕਾਲਜ ਦੇ ਵਿੱਦਿਆਰਥੀ ਸ਼ਾਮਲ ਸਨ ।
Read More : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ 9 ਦਿਨਾਂ ‘ਚ 84 ਉਡਾਣਾਂ ਕੀਤੀਆਂ ਰੱਦ