ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਨਵਜੋਤ ਸਿੱਧੂ ਨੇ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਖੁਦ ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਸਾਫ ਆਖਿਆ ਹੈ ਕਿ ਜਿਸ ਦਿਨ ਨਵਾਂ ਏ. ਜੀ. ਆਵੇਗਾ ਉਸ ਦਿਨ ਮੈਂ ਆਪਣਾ ਚਾਰਜ ਸੰਭਾਲ ਲਵਾਂਗਾ। ਸਿੱਧੂ ਨੇ ਕਿਹਾ ਕਿ ਪੰਜਾਬ ਲਈ ਉਹ ਕਿਸੇ ਕੀਮਤ ’ਤੇ ਕਿਸੇ ਨਾਲ ਵੀ ਸਮਝੌਤਾ ਨਹੀਂ ਕਰ ਸਕਦੇ ਹਨ। ਭਾਵੇਂ ਕੋਈ ਵੀ ਹੋਵੇ, ਉਨ੍ਹਾਂ ਲਈ ਕੋਈ ਅਹੁਦਾ ਮਾਇਨਾ ਨਹੀਂ ਰੱਖਦਾ।
ਚੰਨੀ ਸਰਕਾਰ ’ਤੇ ਸਿੱਧੇ ਤੌਰ ’ਤੇ ਸਵਾਲ ਚੁੱਕਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਡੀ. ਜੀ. ਪੀ. ਅਤੇ ਏ. ਜੀ. ਦੇ ਵੱਡੇ ਅਹੁਦੇ ਹਨ। ਜਿਹੜਾ ਆਈ. ਜੀ. ਸਹੋਤਾ ਸੁਖਬੀਰ ਸਿੰਘ ਬਾਦਲ ਦੇ ਨੇੜੇ ਸੀ, ਉਸ ਨੂੰ ਡੀ. ਜੀ. ਪੀ. ਲਗਾ ਦਿੱਤਾ ਗਿਆ, ਜਿਸ ਨੇ ਸੁਮੇਧ ਸੈਣੀ ਨੂੰ ਬੇਲ ਦਿਵਾਈ ਉਸ ਨੂੰ ਆਈ. ਜੀ. ਲਗਾ ਦਿੱਤਾ ਗਿਆ। ਫਿਰ ਇਸ ਹਾਲਾਤ ਵਿਚ ਇਨਸਾਫ਼ ਕਿਵੇਂ ਮਿਲ ਸਕਦਾ ਹੈ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ 18 ਜੁਲਾਈ ਨੂੰ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ। ਸਿੱਧੂ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਉਹ ਪੰਜਾਬ ਦੇ ਭਵਿੱਖ ਨਾਲ ਕਿਸੇ ਕੀਮਤ ’ਤੇ ਸਮਝੌਤਾ ਨਹੀਂ ਕਰਨਗੇ। ਇਸ ਦੌਰਾਨ ਉਨ੍ਹਾਂ 28 ਸਤੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਵਜੋਤ ਸਿੱਧੂ ਨੇ ਆਪਣੀ ਚਿੱਠੀ ਵਿਚ ਕਿਹਾ ਸੀ ਕਿ ਕਿਸੇ ਵਿਅਕਤੀ ਦੇ ਕਿਰਦਾਰ ਡਿੱਗਣ ਦੀ ਸ਼ੁਰੂਆਤ ਸਮਝੌਤਾ ਕਰਨ ਤੋਂ ਹੁੰਦੀ ਹੈ। ਮੈਂ ਪੰਜਾਬ ਦੇ ਭਵਿੱਖ ਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਹਾਂ। ਇਸ ਲਈ ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਮੈਂ ਕਾਂਗਰਸ ਦੀ ਸੇਵਾ ਕਰਦਾ ਰਹਾਂਗਾ।