ਸੁਤੰਤਰਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਲਹਿਰਾਇਆ ਕੌਮੀ ਝੰਡਾ

0
71
Indipendence Day

ਫ਼ਰੀਦਕੋਟ, 15 ਅਗਸਤ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਕੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਸੰਕਲਪ ਲੈਣ ਤਾਂ ਕਿ ਖ਼ੁਸ਼ਹਾਲ ਤੇ ਗਤੀਸ਼ੀਲ ਰੰਗਲਾ ਪੰਜਾਬ ਬਣਾਇਆ ਜਾ ਸਕੇ ।

ਪੰਜਾਬ ਦੇ ਹਰ ਵਰਗ ਦੀਆਂ ਸਮਾਜਿਕ , ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਭਾਵਨਾਵਾਂ ਨੂੰ ਸਮਝਣ ਵਿੱਚ ਕਾਮਯਾਬ ਹੋਈ ਪੰਜਾਬ ਸਰਕਾਰ: ਮੁੱਖ ਮੰਤਰੀ

ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ (Independence Day) ਸਬੰਧੀ ਰਾਜ ਪੱਧਰੀ ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਫ਼ਰੀਦਕੋਟ ਦੀ ਪਵਿੱਤਰ ਧਰਤੀ `ਤੇ ਮਹਾਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਨੂੰ ਸ਼ਰਧਾ ਅਤੇ ਸਤਿਕਾਰ ਵੀ ਭੇਟ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਮਹਾਨ ਕਵੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਮ ਲੋਕਾਂ ਦੀ ਭਾਸ਼ਾ ਵਿੱਚ ਆਪਣੀ ਗੱਲ ਆਖੀ ।

ਕੌਮੀ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨੂੰ ਕੀਤਾ ਚੇਤੇ

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੀ ਵਿਲੱਖਣ ਅਤੇ ਬੇਮਿਸਾਲ ਭੂਮਿਕਾ ਜੱਗ ਜ਼ਾਹਰ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਰਿਕਾਰਡ ਹੈ ਕਿ 80 ਫੀਸਦੀ ਤੋਂ ਵੱਧ ਮਹਾਨ ਦੇਸ਼ ਭਗਤ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਬਰਤਾਨਵੀ ਸਾਮਰਾਜ ਦੇ ਜੁਲਮ ਦਾ ਸ਼ਿਕਾਰ ਹੋਏ, ਉਹ ਪੰਜਾਬੀ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਦੀਆਂ ਪੁਰਾਣੇ ਬ੍ਰਿਟਿਸ਼ ਸਾਮਰਾਜਵਾਦ ਨੂੰ ਜੜ੍ਹੋਂ ਪੁੱਟਣ ਲਈ ਚੱਲੀਆਂ ਸੁਤੰਤਰਤਾ ਸੰਗਰਾਮ ਨਾਲ ਸਬੰਧਤ ਜ਼ਿਆਦਾਤਰ ਲਹਿਰਾਂ ਦੀ ਅਗਵਾਈ ਬਹਾਦਰ ਪੰਜਾਬੀਆਂ ਨੇ ਕੀਤੀ ।

ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੂਬਾ ਸਰਕਾਰ ਦਾ ਫ਼ਰਜ਼ ਦੁਹਰਾਇਆ

ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦਾਂ (Great martyrs) ਅਤੇ ਧਰਤੀ ਮਾਂ ਦੇ ਸੱਚੇ ਸਪੂਤਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ, ਬਾਬਾ ਰਾਮ ਸਿੰਘ, ਸੋਹਣ ਸਿੰਘ ਭਕਨਾ ਅਤੇ ਕਈ ਹੋਰ ਅਣਗੌਲੇ ਨਾਇਕਾਂ ਨੇ ਆਜ਼ਾਦੀ ਦੇ ਅੰਤਮ ਟੀਚੇ ਦੀ ਪ੍ਰਾਪਤੀ ਲਈ ਆਪਣੇ ਖ਼ੂਨ ਦਾ ਕਤਰਾ-ਕਤਰਾ ਵਹਾ ਦਿੱਤਾ।

ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਨਾਲ ਸੂਬੇ ਦੇ ਪੜਾਅਵਾਰ ਵਿਕਾਸ ਦੀ ਤਸਵੀਰ ਕੀਤੀ ਪੇਸ਼

ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੀਆਂ ਵੱਖ-ਵੱਖ ਲਹਿਰਾਂ ਜਿਵੇਂ ਕਿ ਕੂਕਾ, ਗ਼ਦਰ, ਬੱਬਰ ਅਕਾਲੀ, ਕਿਸਾਨ, ਕਾਮਾ ਗਾਟਾ ਮਾਰੂ ਦੁਖਾਂਤ, ਜਲ੍ਹਿਆਂਵਾਲਾ ਬਾਗ ਕਤਲੇਆਮ, ਗੁਰਦੁਆਰਾ ਮੁਕਤੀ ਲਹਿਰ, ਜੈਤੋ ਮੋਰਚਾ ਅਤੇ ਪਰਜਾ ਮੰਡਲ ਲਹਿਰ ਵਿੱਚ ਮਹਾਨ ਯੋਧਿਆਂ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਸਾਡੀਆਂ ਨੌਜਵਾਨ ਪੀੜ੍ਹੀਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੀਆਂ । ਭਗਵੰਤ ਸਿੰਘ ਮਾਨ ਨੇ ਦੁੱਖ ਪ੍ਰਗਟ ਕੀਤਾ ਕਿ ਜਦੋਂ ਦੇਸ਼ ਦਾ ਬਾਕੀ ਹਿੱਸਾ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ, ਉਦੋਂ ਵੀ ਪੰਜਾਬ ਇੱਕ ਹਿੰਸਕ ਵੰਡ ਦੇ ਭਿਆਨਕ ਦੌਰ ਵਿੱਚੋਂ ਲੰਘ ਰਿਹਾ ਸੀ, ਜਿਸ ਵਿੱਚ ਲੱਖਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਗੁਆਈਆਂ, ਬੇਘਰ ਹੋਏ ਅਤੇ ਬਹੁਤ ਸਾਰੇ ਹੋਰ ਆਪਣੀਆਂ ਜ਼ਮੀਨਾਂ ਅਤੇ ਜਾਇਦਾਦਾਂ ਗੁਆ ਬੈਠੇ ।

ਆਜ਼ਾਦੀ ਤੋਂ ਬਾਅਦ ਵੀ, ਜਦੋਂ ਵੀ ਭਾਰਤ ਨੂੰ ਅੰਦਰੂਨੀ ਜਾਂ ਬਾਹਰੀ ਹਮਲੇ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ

ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ, ਜਦੋਂ ਵੀ ਭਾਰਤ ਨੂੰ ਅੰਦਰੂਨੀ ਜਾਂ ਬਾਹਰੀ ਹਮਲੇ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਇਹ ਇਕ ਸਰਬ ਪ੍ਰਵਾਨਿਤ ਸੱਚ ਹੈ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਭਗਵੰਤ ਸਿੰਘ ਮਾਨ ਨੇ ਭਾਰਤ ਦੀ ਸਖ਼ਤ ਘਾਲਣਾ ਨਾਲ ਹਾਸਲ ਕੀਤੀ ਆਜ਼ਾਦੀ ਦੀ ਗਰਮਜੋਸ਼ੀ ਨਾਲ ਰਾਖੀ ਅਤੇ ਸੰਭਾਲ ਕਰਨ ਤੇ ਸਮੁੱਚੇ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਪੰਜਾਬੀਆਂ ਦੇ ਸ਼ਾਨਦਾਰ ਯੋਗਦਾਨ ਦੀ ਵੀ ਸ਼ਲਾਘਾ ਕੀਤੀ ।

ਆਜ਼ਾਦੀ ਦਿਵਸ ਖੁਸ਼ੀ ਅਤੇ ਜਸ਼ਨਾਂ ਦਾ ਮੌਕਾ ਹੋਣ ਦੇ ਨਾਤੇ ਸੂਬੇ ਦੇ ਤੇਜ਼ੀ ਨਾਲ ਵਿਕਾਸ ਲਈ ਆਤਮ-ਨਿਰੀਖਣ ਅਤੇ ਨਵੇਂ ਟੀਚੇ ਨਿਰਧਾਰਤ ਕਰਨ ਦਾ ਵੀ ਅਹਿਮ ਪਲ ਹੈ

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਜਦੋਂ ਵੀ ਸਾਡੇ ਦੇਸ਼ ਦੀ ਪ੍ਰਭੂਸੱਤਾ ਨੂੰ ਬਾਹਰੀ ਅਤੇ ਅੰਦਰੂਨੀ ਹਮਲੇ ਤੋਂ ਕੋਈ ਖ਼ਤਰਾ ਹੋਇਆ ਤਾਂ ਬਹਾਦਰ ਪੰਜਾਬੀਆਂ ਨੇ ਦੇਸ਼ ਦੀ ਅਖੰਡਤਾ ਅਤੇ ਸਨਮਾਨ ਦੀ ਰੱਖਿਆ ਲਈ ਹਿੱਕ ਡਾਹ ਕੇ ਲੜਾਈ ਲੜੀ ਹੈ । ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਖੁਸ਼ੀ ਅਤੇ ਜਸ਼ਨਾਂ ਦਾ ਮੌਕਾ ਹੋਣ ਦੇ ਨਾਤੇ ਸੂਬੇ ਦੇ ਤੇਜ਼ੀ ਨਾਲ ਵਿਕਾਸ ਲਈ ਆਤਮ-ਨਿਰੀਖਣ ਅਤੇ ਨਵੇਂ ਟੀਚੇ ਨਿਰਧਾਰਤ ਕਰਨ ਦਾ ਵੀ ਅਹਿਮ ਪਲ ਹੈ । ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਇੱਕ ਸਦਭਾਵਨਾ ਅਤੇ ਬਰਾਬਰੀ ਵਾਲਾ ਸਮਾਜ ਯਕੀਨੀ ਬਣਾ ਕੇ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਪੂਰਾ ਕਰਨ ਲਈ ਆਪਣੇ ਆਪ ਨੂੰ ਦੁਬਾਰਾ ਸਮਰਪਿਤ ਕਰਨ ਦੀ ਅਪੀਲ ਕੀਤੀ ।

Read More : ਸੁਤੰਤਰਤਾ ਦਿਵਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਲਾਲ ਕਿਲੇ ਤੋਂ ਲਹਿਰਾਇਆ ਤਿਰੰਗਾ

LEAVE A REPLY

Please enter your comment!
Please enter your name here