ਪਟਿਆਲਾ, 6 ਨਵੰਬਰ 2025 : ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਨਵਾਂ ਰੁਖ ਦੇਂਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਅਤੇ ਮੇਅਰ ਕੁੰਦਨ ਗੋਗੀਆ ਨੇ ਅੱਜ ਵਾਰਡ ਨੰਬਰ 48 ਅਤੇ 49 ਵਿੱਚ ਕਈ ਮਹੱਤਵਪੂਰਨ ਵਿਕਾਸ ਕਾਰਜਾਂ (Development works) ਦੀ ਸ਼ੁਰੂਆਤ ਕੀਤੀ । ਇਹ ਕਾਰਜ ਪੁਰਾਣੇ ਬੱਸ ਸਟੈਂਡ ਤੋਂ ਰੋਜ਼ ਗਾਰਡਨ ਰਾਹੀਂ ਸਿਰਹੰਦੀ ਗੇਟ ਤੱਕ ਕੀਤੇ ਜਾਣਗੇ । ਇਸ ਪ੍ਰੋਜੈਕਟ ਦਾ ਮਕਸਦ ਸ਼ਹਿਰ ਦੀ ਆਵਾਜਾਈ ਸੁਵਿਧਾ ਨੂੰ ਬਿਹਤਰ ਬਣਾਉਣਾ, ਸੜਕਾਂ ਦੀ ਮੁਰੰਮਤ ਕਰਨਾ ਅਤੇ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ।
ਰੋਜ਼ ਗਾਰਡਨ ਦੇ ਆਲੇ ਦੁਆਲੇ ਕੀਤੀ ਗਈ ਹੈ ਸੁੰਦਰਤਾ ਵਧਾਉਣ ਲਈ ਵੀ ਵਿਸ਼ੇਸ਼ ਯੋਜਨਾ ਤਿਆਰ
ਇਸ ਮੌਕੇ ‘ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਦੇ ਹਰੇਕ ਹਿੱਸੇ ਵਿੱਚ ਸੰਤੁਲਿਤ ਵਿਕਾਸ ਕਰਨਾ ਉਨ੍ਹਾਂ ਦੀ ਪਹਿਲ ਹੈ । ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 48 ਤੇ 49 ਦੇ ਨਿਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਜੈਕਟ ਸ਼ੁਰੂ (Project start) ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੇਰਾ ਉਦੇਸ਼ ਹੈ ਕਿ ਹਰ ਗਲੀ, ਹਰ ਮੁਹੱਲਾ ਸਾਫ਼-ਸੁਥਰਾ ਤੇ ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਹੋਵੇ । ਵਿਕਾਸ ਸਿਰਫ਼ ਇਮਾਰਤਾਂ ਤਕ ਸੀਮਿਤ ਨਹੀਂ, ਸਗੋਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣਾ ਹੀ ਅਸਲ ਵਿਕਾਸ ਹੈ । ਇਹ ਵਿਕਾਸ ਕਾਰਜਾਂ ਵਿੱਚ ਸੜਕਾਂ ਦੀ ਨਵੀਂ ਲੇਅਰਿੰਗ, ਡ੍ਰੇਨਜ ਪ੍ਰਣਾਲੀ ਦੀ ਸੁਧਾਰ, ਰੋਸ਼ਨੀ ਦੀ ਸੁਵਿਧਾ ਵਿੱਚ ਵਾਧਾ ਅਤੇ ਹਰੇ-ਭਰੇ ਇਲਾਕਿਆਂ ਦਾ ਵਿਕਾਸ ਸ਼ਾਮਲ ਹੈ । ਰੋਜ਼ ਗਾਰਡਨ ਦੇ ਆਲੇ ਦੁਆਲੇ ਸੁੰਦਰਤਾ ਵਧਾਉਣ ਲਈ ਵੀ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਸਿਹਤਮੰਦ ਤੇ ਸੁਖਦਾਇਕ ਵਾਤਾਵਰਣ ਮਿਲ ਸਕੇਗਾ ।
ਵਿਕਾਸ ਦੇ ਇਸ ਯਤਨ ਵਿੱਚ ਕਿਸੇ ਵੀ ਖੇਤਰ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ
ਇਸ ਮੌਕੇ ‘ਤੇ ਕਈ ਸਥਾਨਕ ਨਾਗਰਿਕਾਂ ਨੇ ਵਿਧਾਇਕ ਕੋਹਲੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸ਼ਹਿਰ ਦੀਆਂ ਹਕੀਕਤੀ ਜ਼ਰੂਰਤਾਂ ਨੂੰ ਤਰਜੀਹ ਦਿੱਤੀ ਹੈ । ਨਿਵਾਸੀਆਂ ਨੇ ਕਿਹਾ ਕਿ ਇਨ੍ਹਾਂ ਕਾਰਜਾਂ ਨਾਲ ਆਵਾਜਾਈ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਸ਼ਹਿਰ ਦੀ ਰੌਣਕ ਵੱਧੇਗੀ । ਅੰਤ ਵਿਚ ਮੇਅਰ ਕੁੰਦਨ ਗੋਗੀਆ (Mayor Kundan Gogia) ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ । ਉਨ੍ਹਾਂ ਦਾ ਉਦੇਸ਼ ਪਟਿਆਲਾ ਨੂੰ ਇੱਕ ਮਿਸਾਲੀ ਸ਼ਹਿਰ ਬਣਾਉਣਾ ਹੈ ਜਿੱਥੇ ਸੁਵਿਧਾਵਾਂ ਦੇ ਨਾਲ ਸਾਫ਼-ਸੁਥਰਾ ਤੇ ਹਰਾ-ਭਰਾ ਵਾਤਾਵਰਣ ਹੋਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵਿਕਾਸ ਦੇ ਇਸ ਯਤਨ ਵਿੱਚ ਕਿਸੇ ਵੀ ਖੇਤਰ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ । ਇਸ ਮੌਕੇ ਉਹਨਾਂ ਦੇ ਨਾਲ ਐਸ. ਈ. ਰਾਜਿੰਦਰ ਚੋਪੜਾ ਐਸ. ਡੀ. ਓ. ਰਾਜਦੀਪ, ਵਾਰਡ ਨੰਬਰ 48 ਤੋਂ ਐਮ. ਸੀ. ਰਾਜੂ ਸਾਹਨੀ, ਵਾਰਡ ਨੰਬਰ 49 ਤੋਂ ਨੇਹਾ ਸਿੱਧੂ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ ।









