ਚੰਡੀਗੜ੍ਹ/ਤਰਨ ਤਾਰਨ, 1 ਅਕਤੂਬਰ 2025 : ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਤੋਂ “ਮੇਰਾ ਘਰ, ਮੇਰਾ ਮਾਣ” (My home my pride) ਸਕੀਮ ਦੀ ਸ਼ੁਰੂਆਤ ਕੀਤੀ ਅਤੇ ਲਾਲ ਲਕੀਰ ਦੇ ਅੰਦਰ ਆਉਂਦੀ ਜ਼ਮੀਨ/ਜਾਇਦਾਦ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਵਾਲੇ ਹਲਕਾ ਤਰਨ ਤਾਰਨ ਦੇ 11 ਪਿੰਡਾਂ ਦੇ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ । ਇਸ ਮੌਕੇ ਹਲਕਾ ਇੰਚਾਰਜ ਤਰਨਤਾਰਨ ਹਰਮੀਤ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐੱਸ. ਡੀ. ਐੱਮ. ਤਰਨ ਤਾਰਨ ਗੁਰਮੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਤਰਨ ਤਾਰਨ ਗੁਰਪ੍ਰੀਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਪਤਵੰਤੇ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਲਾਭਪਾਤਰੀ ਵੀ ਹਾਜ਼ਰ ਸਨ ।
ਲਾਲ ਲਕੀਰ ਦੇ ਅੰਦਰ ਆਉਂਦੀ ਜ਼ਮੀਨ/ਜਾਇਦਾਦ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਵਾਲੇ 11 ਪਿੰਡਾਂ ਦੇ ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ (Cabinet Minister Hardeep Singh Mundian) ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੀ ਸੰਪਤੀ ਦੇ ਅਧਿਕਾਰ ਵੰਡ ਰਹੇ ਹਾਂ । ਉਨ੍ਹਾਂ ਕਿਹਾ ਕਿ ਅੱਜ ਤਰਨ ਤਾਰਨ ਤੋਂ ਸ਼ੁਰੂ ਹੋਈ ਇਹ “ਮੇਰਾ ਘਰ, ਮੇਰਾ ਮਾਣ” ਮੁਹਿੰਮ ਸੂਬੇ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਵੇਗੀ । ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਰਾਜ ਵਿੱਚ ਮਿਸ਼ਨ ਮੋਡ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਇਹ ਸਕੀਮ ਦਸੰਬਰ, 2026 ਤੱਕ ਰਾਜ ਭਰ ਵਿੱਚ ਲਾਗੂ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ “ਮੇਰਾ ਘਰ, ਮੇਰਾ ਮਾਣ” ਸਕੀਮ ਆਬਾਦੀ ਦੇਹ ਦੇ ਖੇਤਰ, ਜਿਸ ਨੂੰ ਅਸੀਂ ਲਾਲ ਲਕੀਰ ਦੇ ਨਾਮ ਨਾਲ ਜਾਣਦੇ ਹਾਂ, ਉਸ ਵਿੱਚ ਰਹਿ ਰਹੇ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣਾ ਹੈ ।
ਪ੍ਰਾਪਰਟੀ ਕਾਰਡ ਜ਼ਮੀਨ ਦੇ ਮਾਲਕੀ ਹੱਕਾਂ ਦਾ ਇੱਕ ਸਪੱਸ਼ਟ, ਡਿਜੀਟਲ ਅਤੇ ਸਰਕਾਰੀ ਰਿਕਾਰਡ ਹੋਵੇਗਾ
ਇਸ ਮੌਕੇ ਹਾਜ਼ਰ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਰਟੀ ਕਾਰਡ ਤੁਹਾਡੀ ਜ਼ਮੀਨ ‘ਤੇ ਤੁਹਾਡੇ ਮਾਲਕੀ ਦੇ ਹੱਕਾਂ ਦਾ ਇੱਕ ਸਪਸ਼ਟ, ਡਿਜੀਟਲ ਅਤੇ ਸਰਕਾਰੀ ਰਿਕਾਰਡ ਹੋਵੇਗਾ । ਹੁਣ ਕਿਸੇ ਨੂੰ ਇਹ ਨਹੀਂ ਕਹਿਣਾ ਪਏਗਾ ਕਿ ਤੁਹਾਡੇ ਕੋਲ ਜ਼ਮੀਨ ਦਾ ਸਬੂਤ ਨਹੀਂ ਹੈ । ਉਨ੍ਹਾਂ ਕਿਹਾ ਕਿ ਇਹ ਸੰਪਤੀ ਕਾਰਡ ਹੁਣ ਬੈਂਕ ਵਿੱਚ ਤੁਹਾਡੀ ਜ਼ਮੀਨ ਦੀ ਗਾਰੰਟੀ ਦਾ ਕਾਗਜ਼ ਬਣੇਗਾ ਅਤੇ ਤੁਸੀਂ ਆਸਾਨੀ ਨਾਲ ਲੋਨ ਆਦਿ ਪ੍ਰਾਪਤ ਕਰ ਸਕੋਗੇ ।
ਇਸ ਸਕੀਮ ਦੇ ਲਾਭਪਾਤਰੀ ਲਾਲ ਲਕੀਰ ਵਾਲੀ ਇਸ ਜ਼ਮੀਨ ਨੂੰ ਹੁਣ ਤੁਸੀਂ ਬਿਨਾ ਕਿਸੇ ਡਰ ਜਾਂ ਝੰਜਟ ਦੇ ਵੇਚ ਸਕਦੇ ਹਨ
ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਭਪਾਤਰੀ ਲਾਲ ਲਕੀਰ ਵਾਲੀ ਇਸ ਜ਼ਮੀਨ ਨੂੰ ਹੁਣ ਤੁਸੀਂ ਬਿਨਾ ਕਿਸੇ ਡਰ ਜਾਂ ਝੰਜਟ ਦੇ ਵੇਚ ਸਕਦੇ ਹਨ । ਇਹ ਕਾਰਡ ਖਰੀਦਦਾਰ ਨੂੰ ਪੂਰਾ ਭਰੋਸਾ ਦੇਵੇਗਾ ਕਿ ਜ਼ਮੀਨ ਸਾਫ਼ ਹੈ ਅਤੇ ਤੁਸੀਂ ਇਸ ਦੇ ਅਸਲ ਮਾਲਕ ਹੋ। ਇਸ ਨਾਲ ਲੈਣ-ਦੇਣ ਦੀ ਪ੍ਰਕਿਰਿਆ ਆਸਾਨ ਅਤੇ ਪਾਰਦਰਸ਼ੀ ਹੋਵੇਗੀ । ਉਨ੍ਹਾਂ ਕਿਹਾ ਕਿ ਹੁਣ ਪੀੜ੍ਹੀ-ਦਰ-ਪੀੜ੍ਹੀ ਦੇ ਜ਼ਮੀਨੀ ਝਗੜੇ ਖਤਮ ਹੋਣਗੇ ਤੇ ਬੱਚਿਆਂ ਨੂੰ ਵਿਰਸੇ ਵਿੱਚ ਸਾਫ਼-ਸਪੱਸ਼ਟ ਜ਼ਮੀਨ ਮਿਲੇਗੀ ।
“ਮੇਰਾ ਘਰ, ਮੇਰਾ ਮਾਣ” ਸਿਰਫ਼ ਇੱਕ ਸਕੀਮ ਨਹੀਂ,, ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਤੁਹਾਡੇ ਪ੍ਰਤੀ ਵਚਨ ਹੈ
ਉਨ੍ਹਾਂ ਕਿਹਾ “ਮੇਰਾ ਘਰ, ਮੇਰਾ ਮਾਣ” ਸਿਰਫ਼ ਇੱਕ ਸਕੀਮ ਨਹੀਂ,, ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਤੁਹਾਡੇ ਪ੍ਰਤੀ ਵਚਨ ਹੈ । ਇਹ ਸਾਡੀ ਉਸ ਕੋਸ਼ਿਸ਼ ਦਾ ਹਿੱਸਾ ਹੈ ਕਿ ਪੰਜਾਬ ਦਾ ਹਰ ਨਾਗਰਿਕ ਸਮਰੱਥ ਹੋਵੇ ਅਤੇ ਆਤਮ ਨਿਰਭਰ ਹੋਵੇ । ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹਰ ਪਰਿਵਾਰ ਨੂੰ ਉਸ ਦੇ ਅਧਿਕਾਰ ਦਿਵਾਉਣਾ ਹੈ । ਉਨ੍ਹਾਂ ਕਿਹਾ ਕਿ ਇਹ ਸੰਪਤੀ ਕਾਰਡ ਤੁਹਾਡੀ ਜ਼ਮੀਨ ਦਾ ਆਧਾਰ ਕਾਰਡ ਹੈ, ਇਹ ਤੁਹਾਡੀ ਅਗਲੀ ਪੀੜ੍ਹੀ ਦੀ ਸੰਪਤੀ ਦੀ ਗਾਰੰਟੀ ਹੈ ।
ਰਾਜ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (Cabinet Minister Laljit Singh Bhullar) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਰਾਜ ਦੇ ਸਰਬ-ਪੱਖੀ ਵਿਕਾਸ ਲਈ ਅਨੇਕਾਂ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਰਾਜ ਦੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ, ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਰਾਜ ਦੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ, ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ “ਮੇਰਾ ਘਰ, ਮੇਰਾ ਮਾਣ” ਸਕੀਮ ਰਾਹੀਂ ਰਾਜ ਦੇ ਹਜ਼ਾਰਾਂ ਪਰਿਵਾਰਾਂ ਤੇ ਲੱਖਾਂ ਲੋਕਾਂ ਨੂੰ ਲਾਭ ਮਿਲੇਗਾ । ਇਸ ਮੌਕੇ ਹਲਕਾ ਇੰਚਾਰਜ ਤਰਨ ਤਾਰਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ “ਮੇਰਾ ਘਰ, ਮੇਰਾ ਮਾਣ” ਸਕੀਮ ਦੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ ।
Read More : ਮੁੱਖ ਸਕੱਤਰ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੇ ਅਮਲ ਦੀ ਸਮੀਖਿਆ