ਮੋਹਾਲੀ: ਅੰਗੀਠੀ ਬਾਲ ਕੇ ਸੁੱਤੇ ਮਾਂ-ਪੁੱਤ ਦੀ ਦਰਦਨਾਕ ਮੌ.ਤ, ਪਿਤਾ ਦੀ ਹਾਲਤ ਗੰਭੀਰ
ਮੋਹਾਲੀ ‘ਚ ਅੰਗੀਠੀ ਬਾਲ ਕੇ ਬੰਦ ਕਮਰੇ ‘ਚ ਸੁੱਤੇ ਮਾਂ-ਪੁੱਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਦਕਿ ਪਿਤਾ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਕਾਨ ਮਾਲਕ ਅਨੁਸਾਰ ਨੇਪਾਲ ਦਾ ਰਹਿਣ ਵਾਲਾ ਦੀਪਕ ਉਸ ਦੇ ਘਰ ਘਰੇਲੂ ਨੌਕਰ ਦਾ ਕੰਮ ਕਰਦਾ ਹੈ। ਦੀਪਕ ਆਪਣੀ ਪਤਨੀ ਪਰਸ਼ੂਪਤੀ ਅਤੇ ਡੇਢ ਸਾਲ ਦੇ ਬੇਟੇ ਨਾਲ ਘਰ ਚ ਬਣੇ ਨੌਕਰ ਕੁਆਟਰ ‘ਚ ਰਹਿੰਦਾ ਸੀ। ਦੀਪਕ ਨੇ ਆਪਣੀ ਪਤਨੀ ਅਤੇ ਬੱਚੇ ਨਾਲ ਠੰਡ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲ ਦਿੱਤੀ।
ਪੂਰੇ ਕਮਰੇ ‘ਚ ਫੈਲ ਗਿਆ ਧੂੰਆਂ
ਦੇਰ ਰਾਤ ਜਦੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਦੀਪਕ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਬੇਹੋਸ਼ ਪਏ ਸਨ। ਇਸ ਦੌਰਾਨ ਪੂਰੇ ਕਮਰੇ ‘ਚ ਧੂੰਆਂ ਫੈਲ ਗਿਆ, ਜਿਸ ਕਾਰਨ ਦੀਪਕ ਵੀ ਬੇਹੋਸ਼ ਹੋ ਗਿਆ। ਪੁਲੀਸ ਨੇ ਤਿੰਨਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਜਿੱਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਔਰਤ ਅਤੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੀਪਕ ਦਾ ਇਲਾਜ ਜਾਰੀ ਹੈ।