ਜ਼ਿਲ੍ਹਾ ਮੋਗਾ ਦੇ ਸਿਖਿਆਰਥੀਆਂ ਨੂੰ ਆਧੁਨਿਕ ਸਮੇਂ ਦੀ ਸਿਖਲਾਈ ਦੇਣਗੇ IBM, ਮਾਈਕਰੋਸੋਫਟ ਅਤੇ ਨੈਸਕੋਮ
ਮੋਗਾ: ਆਈ ਬੀ ਐੱਮ, ਮਾਈਕਰੋਸੋਫਟ ਅਤੇ ਨੈਸਕੋਮ ਵਰਗੀਆਂ ਤਕਨੀਕੀ ਖੇਤਰ ਦੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਜਲਦ ਹੀ ਜ਼ਿਲ੍ਹਾ ਮੋਗਾ ਦੇ ਸਿਖਿਆਰਥੀਆਂ ਨੂੰ ਆਧੁਨਿਕ ਸਮੇਂ ਦੀ ਸਿਖਲਾਈ ਦੇਣਾ ਸ਼ੁਰੂ ਕਰਨਗੀਆਂ। ਇਸ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਇੱਛੁਕ ਸਿਖਿਆਰਥੀਆਂ ਦੀ ਇੰਨਰੋਲਮੈਂਟ ਕੀਤੀ ਜਾ ਰਹੀ ਹੈ। ਇਹ ਸਾਰੇ ਕੋਰਸ ਆਨਲਾਈਨ ਹੋਣਗੇ ਅਤੇ ਜਨਵਰੀ 2025 ਵਿੱਚ ਸ਼ੁਰੂ ਹੋ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰਰੀ ਵਿਸ਼ੇਸ਼ ਸਾਰੰਗਲ ਨੇ ਆਪਣੇ ਦਫ਼ਤਰ ਵਿਖੇ ਹੁਨਰ ਵਿਕਾਸ ਨਾਲ ਸਬੰਧਤ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਪਹਿਲੀ ਵਾਰ ਮੋਗਾ ਦੇ ਸਿਖਿਆਰਥੀ ਵਿਸ਼ਵ ਪ੍ਰਸਿੱਧ ਕੰਪਨੀਆਂ ਤੋਂ ਸਿੱਧੇ ਤੌਰ ‘ਤੇ ਲੈਣਗੇ ਸਿਖਲਾਈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਜ਼ਿਲ੍ਹਾ ਮੋਗਾ ਦੇ ਸਿਖਿਆਰਥੀ ਵਿਸ਼ਵ ਪ੍ਰਸਿੱਧ ਕੰਪਨੀਆਂ ਤੋਂ ਸਿੱਧੇ ਤੌਰ ਤੇ ਸਿਖਲਾਈ ਲੈਣਗੇ।ਪੰਜਾਬ ਸਰਕਾਰ ਦੇ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਆਈ.ਬੀ.ਐਮ., ਮਾਈਕਰੋਸਾਫਟ ਅਤੇ ਨੈਸਕੋਮ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮੁਹਈਆ ਕਰਵਾਉਣ ਲਈ ਵਰਤਮਾਨ ਅਤੇ ਭਵਿੱਖ ਦੀ ਲੋੜ੍ਹ ਅਨੁਸਾਰ ਨਵੇਂ ਸਿਖਲਾਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
41 ਕੋਰਸਾਂ ‘ਚ ਕਰੀਬ 934 ਉਮੀਦਵਾਰਾਂ ਦੀ ਹੋਈ ਰਜਿਸਟਰੇਸ਼ਨ
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਨਾਲ ਸਬੰਧਤ ਕੋਈ ਵੀ 10ਵੀਂ, 12ਵੀਂ, ਆਈ.ਟੀ.ਆਈ ਪਾਸ ਜਾਂ ਗਰੇਜੂਏਟ ਉਮੀਦਵਾਰ ਇਹ ਕੋਰਸ ਕਰ ਸਕਦਾ ਹੈ। ਹੁਣ ਤੱਕ ਵੱਖ ਵੱਖ 41 ਕੋਰਸਾਂ ਵਿੱਚ ਕਰੀਬ 934 ਉਮੀਦਵਾਰਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਹੋਰ ਨੌਜਵਾਨ ਵੀ ਇਹਨਾਂ ਕੋਰਸਾਂ ਵਿੱਚ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ। ਇਹ ਸਾਰੇ ਕੋਰਸ ਤਕਨੀਕ, ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਈ ਕਾਮਰਸ, ਆਟੋਮੇਸ਼ਨ, ਕੰਪਿਊਟਰ, ਰੋਬੋਟਿਕ ਤਕਨੀਕ, ਹਾਰਡਵੇਅਰ ਅਤੇ ਕਪੇਸਿਟੀ ਬਿਲਡਿੰਗ ਨਾਲ ਸਬੰਧਤ ਹਨ। ਇਹਨਾਂ ਕੋਰਸਾਂ ਦੀ ਮਿਆਦ 20 ਘੰਟਿਆਂ ਤੋਂ ਲੈ ਕੇ 320 ਘੰਟਿਆਂ ਦੀ ਹੋਵੇਗੀ।
ਸਿਖਿਆਰਥੀਆਂ ਨੂੰ ਚੰਗੀ ਨੌਕਰੀ ਹਾਸਲ ਕਰਨ ‘ਚ ਮਿਲੇਗੀ ਮਦਦ
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਇਹ ਫਰੀ ਸਕਿੱਲ ਕੋਰਸ ਕਰਵਾਏ ਜਾ ਰਹੇ ਹਨ ਜੋ ਕਿ ਭਵਿੱਖ ਵਿੱਚ ਨੌਕਰੀ ਕਰਨ ਲਈ ਸਹਾਇਕ ਸਿੱਧ ਹੋਣਗੇ। ਇਹਨਾਂ ਕੋਰਸਾਂ ਨਾਲ ਸਿਖਿਆਰਥੀਆਂ ਨੂੰ ਇੱਕ ਚੰਗੀ ਨੌਕਰੀ ਹਾਸਲ ਕਰਨ ਵਿੱਚ ਮਦਦ ਮਿਲੇਗੀ। ਇਹ ਕੋਰਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੂੰ ਕਿਹਾ ਕਿ ਉਹ ਨਿੱਜੀ ਤੌਰ ਉੱਤੇ ਜਲਦ ਹੀ ਵਿਭਾਗ ਵੱਲੋਂ ਚਲਾਏ ਜਾ ਰਹੇ ਹੁਨਰ ਵਿਕਾਸ ਕੇਂਦਰਾਂ ਦਾ ਦੌਰਾ ਕਰਨਗੇ। ਆਪਣੀ ਯੋਗਤਾ ਅਨੁਸਾਰ ਕੋਈ ਵੀ ਉਮੀਦਵਾਰ ਕੋਰਸ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਤੀਜੀ ਮੰਜਿਲ, ਚਨਾਬ ਜੇਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਅਤੇ ਜ਼ਿਲ੍ਹਾ ਮਿਸ਼ਨ ਮੈਨੇਜਮੈਂਟ ਯੂਨਿਟ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਸੰਪਰਕ ਨੰਬਰਾਂ 9465159813, 70739-11757 ਅਤੇ 6239266860 ਉੱਤੇ ਰਾਬਤਾ ਕੀਤਾ ਜਾ ਸਕਦਾ ਹੈ