ਸਿੱਖ ਨਵੇਂ ਸਾਲ ਨਾਨਕਸ਼ਾਹੀ ਸੰਮਤ ੫੫੭ ਦੀ ਆਮਦ ਮੌਕੇ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਦਾ ਸੰਦੇਸ਼

0
19

ਅੰਮ੍ਰਿਤਸਰ, 14 ਮਾਰਚ : ਗੁਰੂ ਸਵਾਰੇ ਖ਼ਾਲਸਾ ਜੀ ਅੱਜ ਇੱਕ ਚੇਤ ਸੰਮਤ ੫੫੭ ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ। ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਂਝ ਰਾਗ ਵਿੱਚ ਬਾਰਹ ਮਾਹਾ ਦੀ ਬਖ਼ਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਭਿੰਨ ਅਵਸਥਾਵਾਂ ਜਿਵੇਂ ਕੇ ਖੇੜਾ, ਬਿਰਹਾ, ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ ਬਾਰਹ ਮਾਹਾ ਦਾ ਉਚਾਰਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਵੈਰਾਗ ਤੋਂ ਅਨੁਰਾਗ ਤੱਕ ਦਾ ਸਫ਼ਰ ਦਰਸਾਇਆ ਹੈ। ਇਸ ਧਰਤੀ ’ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਵੀ ਇਨ੍ਹਾਂ ਦੇਸੀ ਮਹੀਨਿਆਂ ਦੇ ਨਾਲ ਹੀ ਪ੍ਰਗਟ ਹੁੰਦੇ ਹਨ। ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ।

ਅੱਜ ਨਵੇਂ ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ, ਬੋਲੀ, ਸੱਭਿਆਚਾਰ, ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੂੰਹ ਮੋੜ ਲੈਂਦੇ ਹਨ, ਸਮੇਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਕਿਉਂਕਿ ਜਿਸ ਖੁਸ਼ੀ ਨਾਲ ਅਸੀਂ ਅੰਗ੍ਰੇਜ਼ੀ ਕਲੰਡਰ ਅਨੁਸਾਰ ਨਵਾਂ ਸਾਲ ਗੁਰੂ ਘਰਾਂ ਵਿੱਚ ਸ਼ਿਰਕਤ ਕਰਕੇ ਮਨਾਉਂਦੇ ਹਾਂ, ਸਾਨੂੰ ਆਪਣੇ ਇਸ ਨਵੇਂ ਸਾਲ ਨੂੰ ਉਸ ਨਾਲੋਂ ਵੀ ਵੱਧ ਅਕੀਦਤ ਅਤੇ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ।

ਇਸ ਸਾਲ ਅਸੀਂ ਸ਼੍ਰਿਸ਼ਟ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਸ ਸ਼ਤਾਬਦੀ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਸਿੱਖ ਪੰਥ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਖਿਲਾਫ਼ ਉਸੇ ਹੀ ਸ਼ਿੱਦਤ ਨਾਲ ਸੰਘਰਸ਼ਸ਼ੀਲ ਹੈ। ਅੱਜ ਸਾਡੇ ਜੁਝਾਰੂ ਸਿੰਘ ਲੰਮੇ ਸਮੇਂ ਤੋਂ ਹਕੂਮਤਾਂ ਦੇ ਬੰਦੀ ਖਾਨਿਆਂ ਵਿੱਚ ਕੈਦ ਹਨ, ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ।

ਭਵਕੀਰਤ ਅਗਵਾ ਕਾਂਡ: ਬੱਚੇ ਨੂੰ ਸਹੀ ਸਲਾਮਤ ਘਰ ਪਹੁੰਚਾਉਣ ਲਈ ਪਰਿਵਾਰ ਨੇ ਪੰਜਾਬ ਸਰਕਾਰ ਦਾ ਕੀਤਾ ਵਿਸ਼ੇਸ਼ ਧੰਨਵਾਦ

ਇਸ ਦੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਿਆਈ ਦਿਵਸ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ, ਦਾਸ ਆਪ ਸਭ ਸੰਗਤਾਂ ਨੂੰ, ਆਪਣੀ ਧਰਤੀ, ਵਿਰਸੇ ਅਤੇ ਧਰਮ ਦੀ ਖੂਬਸੂਰਤੀ ਨੂੰ ਦਰਸਾਉਂਦੇ ਨਵੇਂ ਨਾਨਕਸ਼ਾਹੀ ਸਾਲ ਸੰਮਤ ੫੫੭ ਦੀ ਵਧਾਈ ਦਿੰਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੋਹਣੇ ਖ਼ਾਲਸਾ ਪੰਥ ਦੀ ਸਦੀਵੀ ਚੜ੍ਹਦੀ ਕਲਾ ਲਈ, ਤਨ ਮਨ ਧਨ ਨਾਲ ਸੇਵਾ ਕਰਨ ਦਾ ਬਲ ਬਖਸ਼ਣ।

LEAVE A REPLY

Please enter your comment!
Please enter your name here