ਚੰਡੀਗੜ੍ਹ: ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਅਜੇ ਵੀ ਜਾਰੀ ਹੈ। ਕਿਸਾਨ ਅਜੇ ਵੀ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ। ਅੱਜ KMM (ਕਿਸਾਨ ਮਜ਼ਦੂਰ ਮੋਰਚਾ) ਦੀ ਮੀਟਿੰਗ ਲੁਧਿਆਣਾ ਦੇ ਮਾਲਵਾ ਕਾਲਜ ਨੇੜੇ ਫਿਰੋਜ਼ਪੁਰ ਰੋਡ ‘ਤੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੀਟਿੰਗ ਕਰੀਬ 3 ਘੰਟੇ ਚੱਲੇਗੀ, ਜਿਸ ਤੋਂ ਬਾਅਦ ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਤੇ ਹੋਰ ਦੁਪਹਿਰ 1 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ। ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸਾਡਾ ਜਥਾ ਸਰਵਣ ਸਿੰਘ ਪੰਧੇਰ ਦੇ ਸਮਰਥਨ ਵਿੱਚ ਹੈ। ਅੱਜ ਸਰਕਾਰਾਂ ਵਿਰੁੱਧ ਅਗਲੀ ਰਣਨੀਤੀ ਬਣਾਈ ਜਾਵੇਗੀ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਆਗੂ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਕੱਲ੍ਹ 131 ਦਿਨਾਂ ਬਾਅਦ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਹ ਐਲਾਨ ਉਨ੍ਹਾਂ ਐਤਵਾਰ ਨੂੰ ਫਤਿਹਗੜ੍ਹ ਸਾਹਿਬ ਦੀ ਸਰਹਿੰਦ ਅਨਾਜ ਮੰਡੀ ਵਿਖੇ ਕਿਸਾਨ ਮਹਾਂਪੰਚਾਇਤ ਦੌਰਾਨ ਕੀਤਾ। ਡੱਲੇਵਾਲ ਨੇ ਮਹਾਪੰਚਾਇਤ ‘ਚ ਕਿਹਾ, “ਮੈਂ ਕਿਸਾਨਾਂ ਦੀ ਮੰਗ ‘ਤੇ ਮਰਨ ਵਰਤ ਖਤਮ ਕਰ ਦਿੱਤਾ ਹੈ। ਕਾਫੀ ਸਮੇਂ ਤੋਂ ਕਿਸਾਨ ਮੈਨੂੰ ਮਰਨ ਵਰਤ ਤੋੜਨ ਦੀ ਅਪੀਲ ਕਰ ਰਹੇ ਸਨ।”