ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਤੜਕਸਾਰ ਪਟਿਆਲਾ ਪੁੱਜੇ

0
9
Local Government Minister

ਪਟਿਆਲਾ, 23 ਜੁਲਾਈ 2025 : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ (Local Government Minister Dr. Ravjot Singh) ਨੇ ਅੱਜ ਤੜਕਸਾਰ ਸ਼ਹਿਰ ਦਾ ਅਚਨਚੇਤ ਦੌਰਾ ਕਰਕੇ ਸਫਾਈ ਵਿਵਸਥਾ ਦਾ ਜ਼ਮੀਨੀ ਪੱਧਰ ‘ਤੇ ਜਾਇਜ਼ਾ ਲਿਆ । ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦਾ ਦੌਰਾ ਕਰਕੇ ਕੂੜਾ ਇਕੱਠਾ (Garbage collection) ਕਰਨ ਵਾਲੀਆ ਥਾਵਾਂ (ਸੈਕੰਡਰੀ ਪੁਆਇੰਟਸ) ਦਾ ਨਿਰੀਖਣ ਕੀਤਾ ਅਤੇ ਇੱਥੇ ਲੱਗੇ ਕੂੜੇ ਦੇ ਢੇਰਾਂ ਦਾ ਗੰਭੀਰ ਨੋਟਿਸ ਲਿਆ । ਇਸ ਮੌਕੇ ਉਨ੍ਹਾਂ ਦੇ ਨਾਲ ਬਲਤੇਜ ਪੰਨੂ, ਮੇਅਰ ਕੁੰਦਨ ਗੋਗੀਆ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਪਰਸਨ ਰੀਨਾ ਗੁਪਤਾ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵੀ ਮੌਜੂਦ ਸਨ ।

Ravjot singh

ਜ਼ਮੀਨੀ ਪੱਧਰ ’ਤੇ ਸਫਾਈ ਪ੍ਰਬੰਧਾਂ ਦੀ ਸਥਿਤੀ ਜਾਨਣ ਲਈ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਦੀ ਟੀਮ ਸਮੇਤ ਪਟਿਆਲਾ ਸ਼ਹਿਰੀ ਤੇ ਦਿਹਾਤੀ ਹਲਕੇ ਦੀਆਂ ਵੱਖ-ਵੱਖ ਵਾਰਡਾਂ ਵਿੱਚ ਸੰਜੇ ਕਲੋਨੀ, ਸਬਜੀ ਮੰਡੀ ਰੇਹੜੀ ਮਾਰਕੀਟ, ਭੀਮ ਕਲੋਨੀ, ਪੁਰਾਣਾ ਬੱਸ ਅੱਡਾ, ਰੇਲਵੇ ਸਟੇਸ਼ਨ, ਤਫੱਜਲਪਰਾ, ਫੈਕਟਰੀ ਏਰੀਆ, ਸਰਹਿੰਦ ਰੋਡ, ਘੁੰਮਣ ਨਗਰ, ਦੀਪ ਨਗਰ, ਅਨੰਦ ਨਗਰ ਤੇ ਭਾਦਸੋਂ ਰੋਡ ਜੇਲ ਦੀ ਕੰਧ ਦੇ ਨਾਲ ਸਮੇਤ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ । ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕੂੜਾ ਚੁੱਕੇ ਜਾਣ ਬਾਬਤ ਫੀਡਬੈਕ ਹਾਸਲ ਕਰਦਿਆਂ ਇੱਥੇ ਪਏ ਕੂੜੇ ਦੇ ਢੇਰਾਂ ਕਾਰਨ ਨਿਗਮ ਅਧਿਕਾਰੀਆਂ ਨਾਲ ਨਾਰਾਜ਼ਗੀ ਦਾ ਇਜ਼ਹਾਰ ਕੀਤਾ ।

Ravjot singh meet public

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪਟਿਆਲਾ ਬਹੁਤ ਖੂਬਸੂਰਤ ਤੇ ਇਤਿਹਾਸਕ ਸ਼ਹਿਰ ਹੈ, ਪਰੰਤੂ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਨਮੋਸ਼ੀ ਹੋਈ ਹੈ ਕਿ ਇੱਥੇ ਸਫ਼ਾਈ ਦੇ ਪ੍ਰਬੰਧਾਂ ਵਿੱਚ ਕਮੀਆਂ ਸਾਹਮਣੇ ਆਈਆਂ ਹਨ, ਕਿਉਂਕਿ ਇਸ ਤੋਂ ਛੋਟੀਆਂ ਕਮੇਟੀਆਂ ਵਿੱਚ ਵੀ ਇਸ ਤੋਂ ਕਿਤੇ ਵੱਧ ਸਫ਼ਾਈ ਹੁੰਦੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਖ਼਼ਤ ਆਦੇਸ਼ ਜਾਰੀ ਕੀਤੇ ਹਨ ਕਿ ਸਾਰੀ ਟੀਮ ਹੁਣੇ ਤੋਂ ਹੀ ਕੰਮ ਉਤੇ ਲੱਗ ਜਾਵੇ, ਕਿਉਂਕਿ ਮਾਨਸੂਨ ਸੀਜਨ ਕਰਕੇ ਕੂੜਾ ਪਿਆ ਰਹਿਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ, ਇਸ ਲਈ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾ‌ਇਆ ਜਾਵੇ ।

Cabinet Minister With Mayors

ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੂੜੇ ਦੀ ਸੁਚਾਰੂ ਲਿਫ਼ਟਿੰਗ ਯਕੀਨੀ ਬਣਾਈ ਜਾਵੇ ਅਤੇ ਜੇਕਰ ਇਸ ਕੰਮ ਵਿੱਚ ਕੋਈ ਢਿੱਲ ਮੱਠ ਸਾਹਮਣੇ ਆਈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ । ਡਾ. ਰਵਜੋਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਵੀ ਵਿਸ਼ਵਾਸ਼ ਦੁਆਇਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਦੇ ਨਾਲ-ਨਾਲ ਇਨ੍ਹਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ, ਇਸ ਲਈ ਉਹ ਖ਼ੁਦ ਸਵੇਰੇ-ਸਵੇਰੇ ਸਾਰੇ ਸ਼ਹਿਰਾਂ ਦਾ ਅਚਨਚੇਤ ਦੌਰਾ ਕਰਦੇ ਹਨ । ਉਨ੍ਹਾਂ ਕਿਹਾ ਕਿ ਉਹ ਮੁੜ ਤੋਂ ਸ਼ਹਿਰ ਦਾ ਅਚਨਚੇਤ ਦੌਰਾ ਕਰਨਗੇ ਅਤੇ ਸ਼ਹਿਰ ਵਿੱਚ ਸਫ਼ਾਈ ਦੇ ਪੁ਼ਖ਼ਤਾ ਇੰਤਜਾਮ ਹੋਣਗੇ ਤਾਂ ਜੋ ਲੋਕਾਂ ਨੂੰ ਸਵੱਛ ਮਾਹੌਲ ਅਤੇ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ ।

Varun Saini With Ravjot

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਫਾਈ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਹਰੇਕ ਨਾਗਰਿਕ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦਾ ਕੂੜਾ ਗਿੱਲਾ ਤੇ ਸੁੱਕਾ ਵੱਖ-ਵੱਖ ਕਰਕੇ ਹੀ ਰੇਹੜੀਆਂ ਵਾਲਿਆਂ ਨੂੰ ਚੁਕਾਉਣ ਤੇ ਬਾਹਰ ਸੜਕਾਂ ’ਤੇ ਨਾ ਸੁੱਟਣ, ਸਗੋਂ ਨਿਰਧਾਰਤ ਥਾਵਾਂ ’ਤੇ ਹੀ ਕੂੜਾ ਪਾਇਆ ਜਾਵੇ ।

Cabinet Ministers Meeting Officers

ਉਨ੍ਹਾਂ ਕਿਹਾ ਕਿ ਵਿਭਾਗ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਤਤਪਰ ਹੈ ਅਤੇ ਸਫਾਈ ਸੰਬੰਧੀ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ ਅਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਸਹੂਲਤਾਂ ਪੱਖੋਂ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ । ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਕਰਮਚਾਰੀਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਜਾਣ ।

Ravjot Singh AAp Leaders Meet

ਕੈਬਨਿਟ ਮੰਤਰੀ ਨੇ ਨਗਰ ਨਿਗਮ ਦਫ਼ਤਰ (Municipal Corporation Office) ਵਿਖੇ ਬਲਤੇਜ ਪੰਨੂ, ਮੇਅਰ, ਡਿਪਟੀ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ ਤੇ ਕੁਝ ਕੌਂਸਲਰਾਂ ਸਮੇਤ ਨਿਗਮ ਦੇ ਹੋਰਨਾਂ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ, ਜਿਸ ਵਿੱਚ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ, ਸੁਚਾਰੂ ਢੰਗ ਨਾਲ ਲੋਕਾਂ ਨੂੰ ਪਾਣੀ, ਸੜਕਾਂ, ਸਟ੍ਰੀਟ ਲਾਈਟਾਂ ਅਤੇ ਬਿਹਤਰ ਸੀਵਰੇਜ ਸਿਸਟਮ ਸਮੇਤ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ।

Cabinet Minister Going Chd

ਮੇਅਰ ਕੁੰਦਨ ਗੋਗੀਆ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਕਮਿਸ਼ਨਰ ਪਰਮਵੀਰ ਸਿੰਘ ਨੇ ਵਿਸ਼ਵਾਸ਼ ਦੁਆਇਆ ਕਿ ਕੈਬਨਿਟ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਕਮਿਸ਼ਨਰ ਪਰਮਵੀਰ ਸਿੰਘ ਨੇ ਨਗਰ ਨਿਗਮ ਦੀ ਰਣਨੀਤੀ ਦੱਸ‌ਿਦਿਆਂ ਕਿਹਾ ਕਿ ਸ਼ਹਿਰ ਵਿੱਚ ਪੁਰਾਣੇ ਕੂੜੇ ਦੇ ਢੇਰ ਦਾ ਇਸ ਸਾਲ ਦੇ ਅੰਤ ਤੱਕ ਨਿਪਟਾਰਾ ਕਰ ਦਿੱਤਾ ਜਾਵੇਗਾ ਅਤੇ ਨਵੇਂ ਕੂੜੇ ਲਈ 3 ਏਕੜ ਹੋਰ ਜਗ੍ਹਾ ਦੀ ਪਛਾਣ ਕਰਕੇ ਉਥੇ ਵੇਸਟ ਪ੍ਰੋਸੈਸਿੰਗ ਦਾ ਪਲਾਂਟ ਲਗਾਉਣ ਦੀ ਤਜਵੀਜ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਇਸ ਵੇਲੇ ਕੂੜੇ ਦੇ 42 ਸੈਕੰਡਰੀ ਪੁਆਇੰਟਸ ਵਿੱਚੋਂ 10 ਪੁਆਇੰਟਸ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਸਾਰੇ ਸੈਕੰਡਰੀ ਪੁਆਇੰਟਸ ਖ਼ਤਮ ਕਰਕੇ ਤਾਜਾ ਕੂੜੇ ਨੂੰ ਪ੍ਰੋਸੈਸਿੰਗ ਪਲਾਂਟ ਵਿਖੇ ਲਿਜਾਇਆ ਜਾਵੇਗਾ ਤੇ ਸ਼ਹਿਰ ਦੀ ਪੁਰਾਣੀ ਕੂੜੇ ਵਾਲੀ ਕੀਮਤੀ ਜਗ੍ਹਾ ਕਿਸੇ ਹੋਰ ਮੰਤਵ ਲਈ ਵਰਤੀ ਜਾਵੇਗੀ ।

Dr. Ravjot Speak Media

ਕਮਿਸ਼ਨਰ ਨੇ ਹੋਰ ਦੱਸਿਆ ਕਿ ਸ਼ਹਿਰ ਵਿੱਚ ਕੂੜੇ ਦਾ ਮਾਫ਼ੀਆ ਕੰਮ ਕਰਦਾ ਸੀ, ਜਿਸ ਦਾ ਖਾਤਮਾ ਕਰਕੇ ਸਾਰੇ ਐਮ.ਆਰ.ਐਫ ਸੈਂਟਰ ਚਲਾਏ ਜਾ ਰਹੇ ਹਨ ਤੇ ਨਵੀਂ ਮਸ਼ੀਨਰੀ ਵੀ ਖਰੀਦੀ ਜਾ ਰਹੀ ਹੈ ਜਦਕਿ ਕੂੜੇ ਦੀ ਲਿਫਟਿੰਗ ਲਈ ਪੁਰਾਣਾ ਠੇਕਾ ਰੱਦ ਕਰਕੇ ਨਿਗਮ ਵੱਲੋਂ ਖੁਦ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚੋਂ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਸਹਿਯੋਗ ਨਾਲ ਪਲਾਸਟਿਕ ਦੇ ਖਾਤਮੇ ਲਈ ਵੀ ਕਦਮ ਚੁੱਕੇ ਜਾ ਰਹੇ ਹਨ ।

Read More : ਡਾ. ਰਵਜੋਤ ਸਿੰਘ ਵਲੋਂ ਪੁਲਿਸ ਲਾਈਨ ਲਾਈਟਾਂ ‘ਤੇ ਲੋਕਾਂ ਦੀ ਸਹੂਲਤ ਲਈ ਸ਼ੈੱਡ, ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੀ ਹਿਦਾਇਤ

LEAVE A REPLY

Please enter your comment!
Please enter your name here