ਕਰਨਾਲ : ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਸ਼ਨੀਵਾਰ ਨੂੰ ਇਕ ਹੋਰ ਦੌਰ ਦੀ ਗੱਲਬਾਤ ਹੋਵੇਗੀ। ਜਿਸ ’ਚ ਦੋਹਾਂ ਪੱਖਾਂ ਨੂੰ ਸ਼ੁੱਕਰਵਾਰ ਨੂੰ 4 ਘੰਟੇ ਦੀ ਲੰਬੀ ਮੈਰਾਥਨ ਬੈਠਕ ਤੋਂ ਬਾਅਦ ਮੁੱਦਿਆਂ ਦੇ ਜਲਦ ਹੋਣ ਦੀ ਉਮੀਦ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਾਟ ਭਵਨ ਵਿਚ ਚੱਲ ਰਹੀ ਹੈ। 28 ਅਗਸਤ ਨੂੰ ਪੁਲਿਸ ਲਾਠੀਚਾਰਜ ਵਿਰੁੱਧ ਕਿਸਾਨਾਂ ਨੇ ਮੰਗਲਵਾਰ ਨੂੰ ਕਰਨਾਲ ’ਚ ਜ਼ਿਲ੍ਹਾ ਹੈੱਡ ਕੁਆਰਟਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਦੀ ਮੁੱਖ ਮੰਗ ਐੱਸ.ਡੀ.ਐੱਮ. ਆਊਸ਼ ਸਿਨਹਾ ਨੂੰ ਮੁਅੱਤਲ ਕਰਨਾ ਹੈ, ਜੋ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮਾਂ ਨੂੰ ਇਹ ਕਹਿੰਦੇ ਹੋਏ ਸੁਣੇ ਗਏ ਸਨ ਕਿ ਜੇਕਰ ਉਹ ਹੱਦ ਪਾਰ ਕਰਦੇ ਹਨ ਤਾਂ ਕਿਸਾਨਾਂ ਦਾ ‘ਸਿਰ ਭੰਨ੍ਹ’ ਦਿਓ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ 28 ਅਗਸਤ ਦੀ ਹਿੰਸਾ ਤੋਂ ਬਾਅਦ ਇਕ ਕਿਸਾਨ ਦੀ ਮੌਤ ਹੋ ਗਈ, ਹਾਲਾਂਕਿ ਪ੍ਰਸ਼ਾਸਨ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ। ਕਰਨਾਲ ਜ਼ਿਲ੍ਹਾ ਹੈੱਡ ਕੁਆਰਟਰ ਦੇ ਬਾਹਰ ਕਿਸਨਾਂ ਦਾ ਧਰਨਾ ਸ਼ਨੀਵਾਰ ਨੂੰ 5ਵੇਂ ਦਿਨ ਵੀ ਜਾਰੀ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਚਾਰ ਘੰਟੇ ਚੱਲੀ ਮੀਟਿੰਗ ਖ਼ਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਖਿੜੇ ਚਿਹਰਿਆਂ ਨਾਲ ਬਾਹਰ ਆਏ। ਕਿਸਾਨਾਂ ਨੇ ਦਾਅਵਾ ਕੀਤਾ ਕਿ ਮੀਟਿੰਗ ਸਾਕਾਰਾਤਮਕ ਰਹੀ ਹੈ। ਹਾਲਾਂਕਿ ਗੁਰਨਾਮ ਸਿੰਘ ਚਢੂਨੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਸ਼ਾਸਨ ਕੁਝ ਬਿੰਦੂਆਂ ’ਤੇ ਹਾਲੇ ਤੱਕ ਅੜਿਆ ਹੋਇਆ ਹੈ ਪਰ ਬਾਕੀ ਮੀਟਿੰਗ ਸਾਕਾਰਾਤਮਕ ਰਹੀ।