ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਕੋਲੋਂ ਮੋਬਾਈਲ ਬਰਾਮਦ ਹੋਣ ਤੋਂ ਬਾਅਦ ਉਸਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਭੋਲਾ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕੈਦੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਹਰ ਹਾਲਤ ਵਿੱਚ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸਾਬਕਾ ਕੌਮਾਂਤਰੀ ਭਲਵਾਨ ਜਗਦੀਸ਼ ਭੋਲਾ ਨੂੰ ਅੱਜ ਇਥੋਂ ਗੁਰਦਾਸਪੁਰ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਤਬਦੀਲੀ ਦੋ ਦਿਨ ਪਹਿਲਾਂ ਭੋਲਾ ਕੇ ਕਬਜ਼ੇ ਵਿੱਚੋਂ ਮੋਬਾਈਲ ਫੋਨ ਤੇ ਸਿੰਮ ਕਾਰਡ ਬਰਾਮਦ ਹੋਣ ਮਗਰੋਂ ਕੀਤੀ ਗਈ ਹੈ। ਡੀਐੱਸਪੀ ਰਹੇ ਜਗਦੀਸ਼ ਭੋਲਾ ਦੇ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਖ਼ਤਰਨਾਕ ਗੈਂਗਸਟਰਾਂ ਅਤੇ ਹੋਰ ਨਾਮੀ ਅਪਰਾਧੀਆਂ ਨਾਲ ਸਬੰਧ ਹੋਣ ਕਾਰਨ ਜੇਲ੍ਹ ਵਿੱਚ ਪਹਿਲਾਂ ਹੀ ਉਸ ਪ੍ਰਤੀ ਚੌਕਸੀ ਵਰਤੀ ਜਾ ਰਹੀ ਸੀ। ਨਵੇਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਜਗਦੀਸ਼ ਭੋਲਾ ਕੋਲੋਂ ਮੋਬਾਈਲ ਫੋਨ ਤੇ ਸਿੰਮ ਕਾਰਡ ਬਰਮਾਦ ਕੀਤਾ ਗਿਆ ਸੀ। ਜੇਲ੍ਹ ਸੁਪਰਡੈਂਟ ਨੇ ਪਿਛਲੇ ਦਿਨਾਂ ਦੌਰਾਨ ਜੇਲ੍ਹ ਵਿੱਚੋਂ ਲਗਪਗ 50 ਮੋਬਾਈਲ ਫੋਨ ਬਰਾਮਦ ਕੀਤੇ ਹਨ।