ਤਕਨਾਲੌਜੀ ਦੇ ਖੇਤਰ ਵਿੱਚ ਪੰਜਾਬ ਦਾ ਹੋਰ ਅੱਗੇ ਆਉਣਾ ਬਹੁਤ ਜ਼ਰੂਰੀ : ਸੰਧਵਾਂ

0
39
Kultar Sanddhwa
ਪਟਿਆਲਾ, 3 ਨਵੰਬਰ 2025 : ਪੰਜਾਬੀ ਯੂਨੀਵਰਸਿਟੀ (Punjabi University) ਸੈਂਟਰ ਫ਼ਾਰ ਇਮਰਜਿੰਗ ਐਂਡ ਇੰਨੋਵੇਟਿਵ ਟੈਕਨੌਲਜੀ, ਮੋਹਾਲੀ ਵੱਲੋਂ ਆਪਣੇ 25 ਸਾਲ ਪੂਰੇ ਹੋਣ ਉੱਤੇ ਸਿਲਵਰ ਜੁਬਲੀ ਸਮਾਗਮ (Silver Jubilee Celebration) ਕਰਵਾਇਆ ਗਿਆ ।

ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਇਮਰਜਿੰਗ ਐਂਡ ਇੰਨੋਵੇਟਿਵ ਟੈਕਨੌਲਜੀ, ਮੋਹਾਲੀ ਨੇ ਮਨਾਈ ਸਿਲਵਰ ਜੁਬਲੀ

ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਸਥਿਤ ਮੁੱਖ ਕੈਂਪਸ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ । ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਨੂੰ ਵਧਾਈ ਦਿੱਤੀ । ਉਨ੍ਹਾਂ ਇਸ ਸੈਂਟਰ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਤਕਨਾਲੌਜੀ ਦੇ ਖੇਤਰ ਵਿੱਚ ਪੰਜਾਬ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ।

ਤਕਨਾਲੌਜੀ ਨਾਲ਼ ਸਬੰਧਤ ਅਜਿਹੇ ਕੇਂਦਰਾਂ ਦੀ ਸਫਲਤਾ ਪੰਜਾਬ ਦੇ ਭਵਿੱਖ ਨਾਲ਼ ਜੁੜੀ ਹੋਈ ਹੈ

ਉਨ੍ਹਾਂ ਕਿਹਾ ਕਿ ਤਕਨਾਲੌਜੀ ਨਾਲ਼ ਸਬੰਧਤ ਅਜਿਹੇ ਕੇਂਦਰਾਂ ਦੀ ਸਫਲਤਾ ਪੰਜਾਬ ਦੇ ਭਵਿੱਖ ਨਾਲ਼ ਜੁੜੀ ਹੋਈ ਹੈ । ਅਜਿਹੇ ਅਦਾਰਿਆਂ ਦੀ ਕਾਰਗੁਜ਼ਾਰੀ ਜਿੰਨੀ ਬਿਹਤਰ ਹੋਵੇਗੀ, ਪੰਜਾਬ ਦਾ ਭਵਿੱਖ ਓਨਾ ਹੀ ਸੁਨਹਿਰੀ ਹੋਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗਿਆਨ ਪੈਦਾ ਕਰਨ ਵਾਲ਼ੀ ਧਰਤੀ ਹੈ । ਇਸ ਧਰਤੀ ਦੇ ਇਤਿਹਾਸ ਤੋਂ ਸਬਕ ਲੈਂਦਿਆਂ ਸਾਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਵੱਡੀਆਂ ਮੱਲਾਂ ਮਾਰਨੀਆਂ ਚਾਹੀਦੀਆਂ ਹਨ ।

25 ਸਾਲਾਂ ਬਾਅਦ ਇਸ ਸੈਂਟਰ ਨੂੰ ਹੁਣ ਅਗਲੇ ਪੜਾਅ ਵਿੱਚ ਦਾਖ਼ਲ ਹੋਣਾ ਪਵੇਗਾ : ਉਪ-ਕੁਲਪਤੀ

ਉਪ-ਕੁਲਪਤੀ ਡਾ. ਜਗਦੀਪ ਸਿੰਘ (Vice-Chancellor Dr. Jagdeep Singh) ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸੈਂਟਰ ਦੇ 25 ਸਾਲ ਪੂਰੇ ਹੋਣ ਉਪਰੰਤ ਹੁਣ ਇਸ ਦੀ ਜਿ਼ੰਮੇਵਾਰੀ ਹੋਰ ਵਧ ਗਈ ਹੈ । 25 ਸਾਲਾਂ ਬਾਅਦ ਇਸ ਸੈਂਟਰ ਨੂੰ ਹੁਣ ਅਗਲੇ ਪੜਾਅ ਵਿੱਚ ਦਾਖ਼ਲ ਹੋਣਾ ਪਵੇਗਾ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੇ ਖੇਤਰਾਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਦੇ ਮੌਕੇ ਪੈਦਾ ਹੋ ਸਕਣ । ਉਨ੍ਹਾਂ ਕਿਹਾਾ ਕਿ ਸਾਨੂੰ ਸਮੇਂ ਦੇ ਹਾਣੀ ਬਣ ਕੇ ਗਿਆਨ ਦੇ ਨਵੇਂ ਖੇਤਰਾਂ ਵਿੱਚ ਆਪਣੇ ਨਵੇਂ ਮੌਕੇ ਲੱਭਣੇ ਪੈਣਗੇ । ਜੇ ਅਸੀਂ ਸਮੇਂ ਦੇ ਹਾਣੀ ਹੋ ਕੇ ਨਹੀਂ ਤੁਰਾਂਗੇ ਤਾਂ ਮੁਕਾਬਲੇ ਵਿੱਚ ਪੱਛੜ ਕੇ ਰਹਿ ਜਾਵਾਂਗੇ । ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸੈਂਟਰ ਹੁਣ ਆਪਣੇ ਅਗਲੇ ਪੜਾਅ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰੇਗਾ ।

ਪੰਜਾਬੀ ਯੂਨੀਵਰਸਿਟੀ ਆਪਣੇ ਮੁੱਖ ਕੈਂਪਸ ਦੇ ਨਾਲ਼-ਨਾਲ਼ ਅਜਿਹੇ ਸਭ ਕੇਂਦਰਾਂ ਰਾਹੀਂ ਹੀ ਸਿੱਖਿਆ ਦੇ ਪ੍ਰਸਾਰ ਦਾ ਨੇਕ ਕਾਰਜ ਕਰ ਰਹੀ ਹੈ

ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਇਸ ਕੇਂਦਰ ਦੀ ਅਹਿਮੀਅਤ ਦੇ ਹਵਾਲੇ ਨਾਲ਼ ਗੱਲ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਮੁੱਖ ਕੈਂਪਸ ਦੇ ਨਾਲ਼-ਨਾਲ਼ ਅਜਿਹੇ ਸਭ ਕੇਂਦਰਾਂ ਰਾਹੀਂ ਹੀ ਸਿੱਖਿਆ ਦੇ ਪ੍ਰਸਾਰ ਦਾ ਨੇਕ ਕਾਰਜ ਕਰ ਰਹੀ ਹੈ । ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਵੀ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ । ਇਸ ਸੈਂਟਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਅਮਨਦੀਪ ਵਰਮਾ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਸਿ਼ਵਿੰਦਰ ਫੂਲਕਾ ਨੇ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਤਮਿਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਭੰਗੜਾ, ਗਿੱਧਾ, ਗੀਤ, ਗ਼ਜ਼ਲ, ਕਵਿਤਾ ਆਦਿ ਸ਼ਾਮਿਲ ਸੀ ।

LEAVE A REPLY

Please enter your comment!
Please enter your name here