ਚੰਡੀਗੜ੍ਹ : ਚੰਡੀਗੜ੍ਹ ਦੀ ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ (105) ਇਸ ਵੇਲੇ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੀ ਹੈ। ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ (82) ਨੇ ਦੱਸਿਆ ਕਿ ਮਾਨ ਕੌਰ ਨੂੰ ਪੇਟ ਵਿਚ ਦਰਦ ਰਹਿੰਦਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਇੱਕ ਡਾਕਟਰ ਦੇ ਕੋਲ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਦਾ ਅਲਟਰਾ ਸਾਊਂਡ ਕੀਤਾ ਗਿਆ।ਇਸ ਨਾਲ ਗੌਲ ਬਲੈਡਰ ਵਿਚ ਕੈਂਸਰ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਵਿਚ ਦਿਖਾਇਆ ਗਿਆ ਸੀ।
ਫਿਲਹਾਲ ਉਨ੍ਹਾਂ ਦਾ ਹੋਮੀਓਪੈਥੀ ਇਲਾਜ ਚਲ ਰਿਹਾ ਹੈ। ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿਚ ਹੋਮਿਉਪੈਥੀ ਦਾ ਇੱਕ ਚੈਰੀਟੇਬਲ ਹਸਪਤਾਲ ਹੈ, ਜਿੱਥੇ ਗੌਲ ਬਲੈਡਰ ਵਿਚ ਕੈਂਸਰ ਤੋਂ ਪੀੜ੍ਹਤ ਕਈ ਲੋਕ ਅਪਣਾ ਇਲਾਜ ਕਰਵਾ ਚੁੱਕੇ ਹਨ।ਇਸ ਲਈ ਉਨ੍ਹਾਂ ਨੇ ਵੀ ਇਲਾਜ ਲਈ ਉੱਥੇ ਜਾਣ ਦਾ ਫੈਸਲਾ ਕੀਤਾ।
ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਦੇ ਹਸਪਤਾਲ ਨਾਲ ਸੰਪਰਕ ਕੀਤਾ ਅਤੇ ਮਾਨ ਕੌਰ ਦੀ ਬਿਮਾਰੀ ਨਾਲ ਸੰਬੰਧਤ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹਸਪਤਾਲ ਨੇ ਮਾਨ ਕੌਰ ਦੇ ਇਲਾਜ ਲਈ ਦਵਾਈਆਂ ਭੇਜੀਆਂ ਹਨ। ਹੁਣ ਉਨ੍ਹਾਂ ਦਾ ਇਸਤੇਮਾਲ ਬੇਬੇ ਮਾਨ ਕੌਰ ਕਰ ਰਹੀ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਨਾਲ ਸਿਹਤ ਵਿਚ ਕੁਝ ਸੁਧਾਰ ਆਉਂਦੇ ਹੀ ਮੱਧ ਪ੍ਰਦੇਸ਼ ਦੇ ਹਸਪਤਾਲ ਵਿਚ ਇਲਾਜ ਦੇ ਲਈ ਲੈ ਕੇ ਜਾਣਗੇ।
ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਰਾਸ਼ਟਰਪਤੀ ਭਵਨ ਵਿਖੇ ਉਹ ਸਨਮਾਨ ਲੈਣ ਲਈ ਜਿਸ ਫੁਰਤੀ ਨਾਲ ਉਹ ਸਟੇਜ ‘ਤੇ ਪਹੁੰਚੀ ਸੀ ,ਇਹ ਦੇਖਕੇ ਰਾਸ਼ਟਰਪਤੀ ਵੀ ਹੈਰਾਨ ਰਹਿ ਗਏ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਇਕ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋ ਗਏ ਸਨ।