ਪਟਿਆਲਾ, 27 ਅਗਸਤ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ (Professor Kirpal Singh Badungar) ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਵਿੱਚ ਭਾਰਤੀ ਪੰਜਾਬੀ ਡਰਾਈਵਰਾਂ ਦੇ ਲਾਈਸੈਂਸ ਜੋ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਨਤੀਜੇ ਵਜੋਂ ਉਹ ਡਰਾਈਵਰ ਭਾਰਤ ਪੰਜਾਬ ਵਾਪਸ ਆਉਣ ਲਈ ਮਜਬੂਰ ਹੋਣਗੇ ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ ਭਾਰੀ ਬੇਰੁਜ਼ਗਾਰੀ ਫੈਲੀ ਹੋਈ ਹੈ, ਇਥੋਂ ਦੇ ਬੇਰੁਜ਼ਗਾਰ ਬੱਚੇ ਨਮੋਸ਼ੀ ਕਾਰਨ ਨਸ਼ਿਆਂ ਅਤੇ ਹੋਰ ਭੈੜੀਆਂ ਵਾਦੀਆਂ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਅਪੀਲ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਨਾਲ ਉਚੇਚੇ ਤੌਰ ਉੱਤੇ ਇਸ ਗੰਭੀਰ ਮਸਲੇ ਉੱਤੇ ਵਿਚਾਰ ਕਰਕੇ ਮਾਮਲੇ ਨੂੰ ਹੱਲ ਕਰਵਾਇਆ ਜਾਵੇ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਪੱਤਰ ਦਾ ਇੱਕ ਉਤਾਰਾ ਭਾਰਤ ਦੇ ਵਿਦੇਸ਼ ਮੰਤਰੀ (Foreign Minister of India) ਡਾ. ਸੁਆਮੀ ਜੈ ਸ਼ੰਕਰ ਨੂੰ ਭੇਜ ਕੇ ਬੇਨਤੀ ਕੀਤੀ ਕਿ ਉਹ ਵੀ ਇਸ ਗੰਭੀਰ ਸਮੱਸਿਆ ਦਾ ਯੋਗ ਤੇ ਸਨਮਾਨਯੋਗ ਹੱਲ ਕਰਵਾਉਣ ਹਿੱਤ ਆਪਣਾ ਪੂਰਨ ਯੋਗਦਾਨ ਪਾਉਣ ਦੀ ਖੇਚਲ ਕਰਨ ।