ਚੰਡੀਗੜ੍ਹ, 24 ਅਗਸਤ 2025 : ਪੱਤਰਕਾਰਤਾ ਬਹੁਤ ਸੰਵੇਦਨਸ਼ੀਲ ਕਾਰਜ ਖੇਤਰ ਤੇ ਪੇਸ਼ਾ ਹੈ ਪਰ ਇਸ ਕਾਰਜ ਖੇਤਰ ਵਿੱਚ ਧੱਕੇਸ਼ਾਹੀ ਵੀ ਲੰਮੇ ਸਮੇਂ ਤੋਂ ਪੱਤਰਕਾਰਾਂ ਨਾਲ ਹੁੰਦੀ ਆ ਰਹੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਰੰਧਾਵਾ ਨੇ ਕੀਤਾ ।
ਸ਼ਨੀਵਾਰ ਨੂੰ ਉਹ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਲਾਂਚ ਕੀਤੇ ਗਏ ਇੰਡੀਪੈਂਡੈਂਟ ਜਰਨਲਿਸਟ ਕਮਿਸ਼ਨ ਆਫ ਇਨਕੁਆਇਰੀ ਦੇ ਆਗਾਜ਼ ਸਬੰਧੀ ਹੋਏ ਸਮਾਗਮ ਵਿੱਚ ਬਤੌਰ ਮੁੱਖ ਬੁਲਾਰਾ ਸੰਬੋਧਨ ਕਰ ਰਹੇ ਸਨ। ਜ਼ਿਕਰ ਯੋਗ ਹੈ ਕਿ ਜਸਟਿਸ ਰੰਧਾਵਾ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨਾਲ ਮੈਂਬਰ ਸੈਕਟਰੀ ਵਜੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਟੀ. ਪੀ. ਐਸ. ਤੁੰਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਸਕੌਮ ਵਿਭਾਗ ਅਤੇ ਆਈ ਐਸ ਵਿਭਾਗ ਦੇ ਸਾਬਕਾ ਮੁਖੀ ਡਾਇਰੈਕਟਰ ਡਾਕਟਰ ਹਰਜਿੰਦਰ ਸਿੰਘ ਵਾਲੀਆ ਹੋਣਗੇ ।
ਜਸਟਿਸ ਰੰਧਾਵਾ ਨੇ ਕਿਹਾ ਕਿ ਇਹ ਕਮਿਸ਼ਨ (Chandigarh Press Club) ਐਕਟਿਵ ਜਰਨਲਿਸਟ ਯੂਨੀਅਨ ਪੰਜਾਬ ਨਾਲ ਮਿਲ ਕੇ ਕੰਮ ਕਰੇਗਾ, ਯੂਨੀਅਨ ਵੱਲੋਂ ਪੱਤਰਕਾਰਾਂ ਨਾਲ ਹੋਈਆਂ ਧੱਕੇਸ਼ਾਹੀਆਂ ਜਾਂ ਪੱਤਰਕਾਰਤਾ ਨੂੰ ਬਦਨਾਮ ਕਰਨ ਵਾਲੇ ਵਿਅਕਤੀਆਂ ਦੇ ਮਾਮਲਿਆਂ ਵਿੱਚ ਨਿਰਪੱਖ ਹੋ ਕੇ ਜਾਂਚ ਕਰੇਗਾ ਅਤੇ ਇਸ ਕਮਿਸ਼ਨ ਦੇ ਤਿੰਨੋ ਮੈਂਬਰਾਂ ਵੱਲੋਂ ਕਿਸੇ ਕਿਸਮ ਦਾ ਕੋਈ ਵੀ ਸੇਵਾਫਲ ਨਹੀਂ ਲਿਆ ਜਾਵੇਗਾ ਸਗੋਂ ਉਹ ਸਾਰੇ ਵਲੰਟੀਅਰ ਤੌਰ ਤੇ ਆਪਣੀਆਂ ਸੇਵਾਵਾਂ ਦੇਣਗੇ । ਉਹਨਾਂ ਸਪਸ਼ਟ ਕੀਤਾ ਕਿ ਇਸ ਕਮਿਸ਼ਨ ਵੱਲੋਂ ਕਦੇ ਵੀ ਸੋ ਮੋਟੋ ਐਕਸ਼ਨ ਨਹੀਂ ਲਿਆ ਜਾਵੇਗਾ ਅਤੇ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਵੱਲੋਂ ਜੋ ਕੇਸ ਉਹਨਾਂ ਨੂੰ ਭੇਜੇ ਜਾਣਗੇ ਉਹਨਾਂ ਕੇਸਾਂ ਦੀ ਪੜਤਾਲ ਕਰਕੇ ਜਨਤਾ ਦੀ ਕਚਹਿਰੀ ਦੇ ਵਿੱਚ ਰਿਪੋਰਟ ਪੇਸ਼ ਕੀਤੀ ਜਾਇਆ ਕਰੇਗੀ ।
ਆਪਣੇ ਸੰਬੋਧਨ ਵਿੱਚ ਵਕੀਲ ਤੁੰਗ ਨੇ ਕਿਹਾ ਕਿ ਇਸ ਕਮਿਸ਼ਨ ਦੇ ਮੈਂਬਰ ਸਕੱਤਰ ਵਜੋਂ ਮੈਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਸਦਾ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਬਿਲਕੁਲ ਸਾਫ ਸੁਥਰੀ ਨਿਰਪੱਖ ਰਿਪੋਰਟ ਜੋ ਵੀ ਮਾਮਲਾ ਸਾਡੇ ਤੱਕ ਆਏਗਾ ਉਸਦੀ ਬਣਾਈ ਜਾਵੇ ਅਤੇ ਜੇਕਰ ਪੱਤਰਕਾਰ ਨਾਲ ਧੱਕੇਸ਼ਾਹੀ ਹੋਈ ਹੈ ਤਾਂ ਇਨਸਾਫ ਦਿਵਾਉਣ ਵਿੱਚ ਇਹ ਰਿਪੋਰਟ ਸਹਾਈ ਹੋਵੇ ।
ਮੈਂਬਰ ਸਕੱਤਰ ਡਾਕਟਰ ਵਾਲੀਆ (Member Secretary Dr. Walia) ਨੇ ਕਿਹਾ ਕਿ ਪੱਤਰਕਾਰੀ ਅੱਜ ਤੋਂ ਚਾਰ ਦਹਾਕੇ ਪਹਿਲਾਂ ਵੀ ਬੜਾ ਜੋਖਮ ਭਰਿਆ ਕੰਮ ਸੀ ਤੇ ਅੱਜ ਵੀ ਜੋਖਮ ਭਰਿਆ ਕੰਮ ਹੈ। ਅਫਸੋਸ ਇਹ ਹੈ ਕਿ ਪੱਤਰਕਾਰਾਂ ਨਾਲ ਉਹਨਾਂ ਦੇ ਅਦਾਰੇ ਤੱਕ ਨਹੀਂ ਖੜਦੇ ਅਤੇ ਹੁਣ ਪੀਲੀ ਪੱਤਰਕਾਰਤਾ ਬਹੁਤ ਹਾਵੀ ਹੋ ਚੁੱਕੀ ਹੈ। ਸੋ ਅਜਿਹੇ ਕਮਿਸ਼ਨ ਦੀ ਬਹੁਤ ਜਿਆਦਾ ਜਰੂਰਤ ਸੀ ਜੋ ਘੱਟੋ ਘੱਟ ਪੱਤਰਕਾਰਾਂ ਨਾਲ ਜੋ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਦੇ ਹੋਏ ਇਸ ਪੇਸ਼ੇ ਨੂੰ ਚੁਣਦੇ ਹਨ ਤੇ ਕੰਮ ਕਰਦੇ ਹਨ ਨੂੰ ਇਨਸਾਫ ਦਿਵਾਉਣ ਲਈ ਕੋਈ ਕਮਿਸ਼ਨ ਅੱਗੇ ਆਇਆ ਹੈ ।
ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਆਪਰੇਸ਼ਨ ਬਲੂ ਸਟਾਰ ਵੇਲੇ ਪੱਤਰਕਾਰਾਂ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਪੁਲਿਸ ਵੱਲੋਂ ਕੀਤਾ ਜਾਂਦਾ ਸੀ ਅਤੇ ਸਿਵਲ ਪ੍ਰਸ਼ਾਸਨ ਵੀ ਕਿੰਨਾ ਕੁ ਉਹਨਾਂ ਨਾਲ ਖੜਦਾ ਸੀ ਇਸ ਬਾਰੇ ਉਹਨਾਂ ਆਪਣੇ ਨਿਜੀ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਸਰਕਾਰੀ ਤੰਤਰ ਕਈ ਵਾਰ ਜਾਣ ਬੁਝ ਕੇ ਝੂਠੀਆਂ ਖਬਰਾਂ ਵੀ ਉਹਨਾਂ ਤੋਂ ਛਪਵਾਉਂਦੇ ਸਨ ਸੋ ਪੱਤਰਕਾਰਾਂ ਦੇ ਉੱਪਰ ਦਬਾਓ ਤਾਂ ਲੰਬੇ ਸਮੇਂ ਤੋਂ ਪੈਂਦੇ ਆ ਰਹੇ ਹਨ।
ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਨੇ ਕਮਿਸ਼ਨ ਬਣਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਆਪਣੀ ਪੂਰੀ ਟੀਮ ਨਾਲ ਮਿਲ ਕੇ ਇਸ ਕਮਿਸ਼ਨ ਨੂੰ ਸਹਿਯੋਗ ਦਿੱਤਾ ਜਾਵੇਗਾ ਅਤੇ ਜਿੱਥੇ ਕਿਤੇ ਪੱਤਰਕਾਰਾਂ ਦੇ ਇਨਸਾਫ ਦੀ, ਹੱਕ ਦੀ ਸੱਚ ਦੀ ਗੱਲ ਆਏਗੀ ਤਾਂ ਉਹ ਉਹਨਾਂ ਨਾਲ ਸਦਾ ਖੜਨਗੇ । ਮੰਚ ਸੰਚਾਲਨ ਯੂਨੀਅਨ ਦੇ ਉੱਪ ਪ੍ਰਧਾਨ ਬਲਜੀਤ ਸਿੰਘ ਮਰਵਾਹਾ ਵੱਲੋਂ ਕੀਤਾ ਗਿਆ।
ਕਮਿਸ਼ਨ ਅਧਿਕਾਰੀਆਂ ਵੱਲੋਂ ਇਸ ਮੌਕੇ ਕਮਿਸ਼ਨ ਦਾ ਪ੍ਰਤੀਕ ਚਿੰਨ ਵੀ ਜਾਰੀ ਕੀਤਾ ਗਿਆ। ਇਸ ਮੌਕੇ ਇਹ ਏ ਜੇ ਯੂ ਪੀ ਦੇ ਪ੍ਰਧਾਨ ਰਜਿੰਦਰ ਸਿੰਘ ਤੱਗੜ, ਜਨਰਲ ਸਕੱਤਰ ਕਿਰਨਦੀਪ ਕੌਰ ਔਲਖ ਕੈਸ਼ੀਅਰ ਰਾਜੀਵ ਸਚਦੇਵਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਪੱਤਰਕਾਰ ਅਮਨਦੀਪ ਸਿੰਘ ਠਾਕੁਰ ਹਾਜ਼ਰ ਸਨ ।
Read More : ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਪੀੜਿਤ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਲਿਖੀ ਚਿੱਠੀ