ਪੰਜਾਬੀ ਭਾਸ਼ਾ ਨੂੰ ਖੇਤਰੀ ਭਾਸ਼ਾਵਾਂ ਦੇ ਵਿਕਲਪ ‘ਚੋਂ ਹਟਾਉਣ ਦਾ ਮਾਮਲਾ ਗਰਮਾਇਆ, ਹਰਜੋਤ ਬੈਂਸ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ, 26 ਫਰਵਰੀ: ਸੀ ਬੀ ਐਸ ਈ ਵੱਲੋਂ ਪੰਜਾਬੀ ਭਾਸ਼ਾ ਨੂੰ ਖੇਤਰੀ ਭਾਸ਼ਾਵਾਂ ਦੇ ਵਿਕਲਪ ਵਿਚੋਂ ਹਟਾਉਣ ਦੇ ਮੁੱਦੇ ‘ਤੇ ਸਿਆਸਤ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ‘ਤੇ ਪੰਜਾਬੀ ਨੂੰ ਹਟਾਉਣ ਦਾ ਦੋਸ਼ ਲਾਇਆ ਹੈ। ‘ਆਪ’ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਤੇ ਸੀਬੀਐਸਈ ਨੇ ਜਾਣਬੁੱਝ ਕੇ ਪ੍ਰੀਖਿਆ ਦੇ ਪੈਟਰਨ ਵਿੱਚੋਂ ਪੰਜਾਬੀ ਨੂੰ ਹਟਾ ਦਿੱਤਾ ਹੈ। ਇਹ ਪੰਜਾਬ ਨਾਲ ਧੱਕਾ ਹੈ।
ਪੰਜਾਬੀ ਨੂੰ ਬਿਲਕੁਲ ਅਣਗੌਲਿਆ ਗਿਆ
ਉਨ੍ਹਾਂ ਕਿਹਾ ਕਿ “ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰਾ ਇੱਕ ਵਾਰ ਫੇਰ ਬੇਨਕਾਬ ਹੋਇਆ ਹੈ। ਸੀ.ਬੀ.ਐਸ.ਈ. ਵੱਲੋਂ 10ਵੀਂ ਜਮਾਤ ਲਈ ਇਮਤਿਹਾਨ ਦੇ ਨਵੇਂ ਪੈਟਰਨ ਵਿੱਚ ਪੰਜਾਬੀ ਨੂੰ ਬਿਲਕੁਲ ਅਣਗੌਲਿਆ ਗਿਆ ਹੈ। ਇਹ ਦੇਸ਼ ਦੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਅਸੀਂ ਇਸ ਕਦਮ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਦਾ ਬਣਦਾ ਸਥਾਨ ਤੇ ਸਨਮਾਨ ਤੁਰੰਤ ਬਹਾਲ ਕੀਤਾ ਜਾਵੇ।”
ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ
ਉਨ੍ਹਾਂ ਕਿਹਾ ਕਿ “ਜਦੋਂ ਤੁਸੀਂ ਵੇਖਦੇ ਹੋ ਕਿ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਇੱਕ ਸਮੂਹ ਹੈ ਜਿਸ ਵਿੱਚ ਪੰਜਾਬੀ ਸ਼ਾਮਲ ਨਹੀਂ ਹੈ ਅਤੇ ਅੱਜ ਜਦੋਂ ਇਸ ਸਬੰਧੀ ਵੱਡੇ ਪੱਧਰ ‘ਤੇ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਲਿਖਣਾ ਭੁੱਲ ਗਏ। ਭਾਜਪਾ ਨੇ ਟਵੀਟ ਕੀਤਾ ਹੈ ਕਿ ‘ਬਿਨਾਂ ਕਿਸੇ ਜਾਣਕਾਰੀ ਦੇ ਵਿਰੋਧੀਆਂ ਨੇ ਕੇਂਦਰ ਨੂੰ ਕੋਸਣਾ ਸ਼ੁਰੂ ਕਰ ਦਿਤਾ, ਜੋ ਕਿ ਬੇਹੱਦ ਸ਼ਰਮਨਾਕ ਹੈ।’ ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਕਿਹਾ ਕਿ ” ਮੈਂ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਜਾਵੇਗਾ ਕਿ ਜਿਹੜਾ ਵੀ ਬੋਰਡ ਅਤੇ ਸਕੂਲ ਬਿਨਾਂ ਪੰਜਾਬੀ ਪੜਾਏਗਾ, ਉਸ ਦਾ ਡਿਗਰੀ ਸਰਟੀਫਿਕੇਟ ਰੱਦ ਮੰਨਿਆ ਜਾਵੇਗਾ।