ਤਰਨ ਤਾਰਨ: ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਤਰਨ ਤਾਰਨ ਵਿਖੇ ਏ-25 ਰੇਲਵੇ ਲਾਈਨ (ਕੱਕਾ ਕੰਡਿਆਲਾ ਰੇਲਵੇ ਲਾਈਨ) ‘ਤੇ ਬਣ ਰਹੇ ਚਾਰ ਮਾਰਗੀ ਰੇਲਵੇ ਓਵਰ ਬ੍ਰਿਜ ਦਾ ਕੰਮ ਦਸੰਬਰ 2025 ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਤਰਨ ਤਾਰਨ ਵਿਖੇ ਏ-25 ਰੇਲਵੇ ਲਾਈਨ ਕੱਕਾ ਕੰਡਿਆਲਾ ਰੇਲਵੇ ਲਾਈਨ ਦੀ ਚੱਲ ਰਹੀ ਉਸਾਰੀ ਦਾ ਜਾਇਜ਼ਾ ਲਿਆ।
ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ, ਪੜ੍ਹੋ ਵੇਰਵਾ
ਇਸ ਸਬੰਧੀ ਜਾਣਕਾਰੀ ਦਿੰਦਿਆ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਓਵਰਬ੍ਰਿਜ ਦੀ ਉਸਾਰੀ ਦਾ ਕੰੰਮ 31 ਫੀਸਦੀ ਤੱਕ ਹੋ ਮੁਕੰਮਲ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਇਸ ਪੁਲ ਦੀ ਉਸਾਰੀ ਨੂੰ ਜੂਨ, 2026 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਦੀ ਉਸਾਰੀ ਦਾ ਕੰਮ ਲੱਗਭੱਗ 6 ਮਹੀਨੇ ਪਹਿਲਾ ਹੀ, ਦਸੰਬਰ, 2025 ਤੱਕ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਚਾਰ ਮਾਰਗੀ ਰੇਲਵੇ ਓਵਰ ਬ੍ਰਿਜ ਬਣਨ ‘ਤੇ ਲੱਗਭੱਗ 82.88 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਸੀ, ਪਰ ਇਸ ਨੂੰ ਲੱਗਭੱਗ 70 ਕਰੋੜ ਰੁਪਏ ਵਿੱਚ ਮੁਕੰਮਲ ਕੀਤਾ ਜਾਵੇਗਾ, ਜਿਸ ਨਾਲ ਸਰਕਾਰ ਨੂੰ ਲੱਗਭੱਗ 13 ਕਰੋੜ ਰੁਪਏ ਦੀ ਬੱਚਤ ਹੋਵੇਗੀ।ਉਹਨਾਂ ਦੱਸਿਆ ਕਿ ਇਹ ਓਵਰ ਬ੍ਰਿਜ 770 ਮੀਟਰ ਲੰਬਾ ਤੇ 22 ਮੀਟਰ ਚੌੜਾ ਹੋਵੇਗਾ।
ਓਨਾ ਕਿਹਾ ਕਿ ਇਤਿਹਾਸਿਕ ਸ਼ਹਿਰ ਤਰਨ ਤਰਨ ਵਿਖੇ ਟਰੈਫਿਕ ਦੀ ਸਮੱਸਿਆ ਕਾਫੀ ਵੱਧਦੀ ਜਾ ਰਹੀ ਹੈ ਅਤੇ ਲੱਖਾਂ ਹੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਤਰਨ ਤਰਨ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਆਉਂਦੇ-ਜਾਂਦੇ ਹਨ। ਪਰ ਟਰੈਫਿਕ ਸਮੱਸਿਆ ਦੇ ਕਾਰਨ ਲੋਕਾਂ ਨੂੰ ਆਉਣ-ਜਾਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਇਸ ਚਹੁੰ ਮਾਰਗੀ ਰੇਲਵੇ ਓਵਰ ਬ੍ਰਿਜ ਬਣਨ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਸਹੂਲਤ ਮਿਲੇਗੀ।
ਉਹਨਾਂ ਕਿਹਾ ਕਿ ਪੀ. ਡਬਲਯੂ ਵਿਭਾਗ ਵੱਲੋਂ ਲੈਵਲ ਕਰਾਸਿੰਗ ਨੰਬਰ ਏ-25 ਉਪਰ ਨਵੇਂ ਰੇਲਵੇ ਓਵਰ ਬ੍ਰਿਜ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਰੇਲਵੇ ਕਰਾਸਿੰਗ ਕਾਰਨ ਰੇਲਵੇ ਫਾਟਕ ਬੰਦ ਹੋਣ ‘ਤੇ ਇਸ ਜਗਾ ਤੇ ਟ੍ਰੈਫਿਕ ਦੀਆਂ ਲੰਬੀਆਂ ਕਤਾਰਾਂ ਲੱਗ ਜਾਦੀਆਂ ਸਨ ਅਤੇ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।ਉਹਨਾਂ ਕਿਹਾ ਕਿ ਇਹ ਰੇਲਵੇ ਓਵਰ ਬ੍ਰਿਜ ਆਮ ਜਨਤਾ ਨੂੰ ਟਰੈਫਿਕ ਸਮੱਸਿਆ ਦੀ ਭਾਰੀ ਦਿੱਕਤ ਤੋਂ ਨਿਜਾਤ ਦਵਾਉਣ ਵਿੱਚ ਸਹਾਈ ਹੋਵੇਗਾ।
ਜ਼ਿਕਰਯੋਗ ਹੈ ਕਿ ਤਰਨ ਤਰਨ ਸ਼ਹਿਰ ਵਿਖੇ ਵੱਧ ਰਹੀ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਵੱਲੋਂ ਏ-25 ਰੇਲਵੇ ਲਾਈਨ (ਕੱਕਾ ਕੰਡਿਆਲਾ ਰੇਲਵੇ ਲਾਈਨ) ਤੇ ਚਾਰ ਮਾਰਗੀ ਓਵਰ ਬ੍ਰਿਜ ਦਾ ਨੀਹ ਪੱਥਰ ਸਤੰਬਰ, 2024 ਵਿੱਚ ਰੱਖਿਆ ਗਿਆ ਸੀ।