ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਜਲੰਧਰ ਜ਼ਿਲ੍ਹੇ ਨੂੰ ਕੀਤੀਆਂ 3 ਐਂਬੂਲੈਂਸਾਂ ਭੇਟ

0
54

– ਰਾਜ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਦਿੱਤੀ ਹਰੀ ਝੰਡੀ
– ਦਿਵਿਆਂਗਜਨਾਂ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਸੌਂਪੀਆਂ 5 ਵੀਲ੍ਹ ਚੇਅਰਾਂ
– ਕਿਹਾ, ਜ਼ਿਲ੍ਹਾ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ
– ਡਿਪਟੀ ਕਮਿਸ਼ਨਰ ਨੇ ਐਂਬੂਲੈਂਸਾਂ ਅਤੇ ਵੀਲ੍ਹ ਚੇਅਰਾਂ ਲਈ ਪ੍ਰਗਟਾਇਆ ਧੰਨਵਾਦ

ਜਲੰਧਰ, 19 ਮਾਰਚ 2025: ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਅੱਜ ਆਪਣੇ ਐਮ.ਪੀ. ਲੈੱਡ ਫੰਡ ਵਿੱਚੋਂ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਤਿੰਨ ਐਂਬੂਲੈਂਸਾਂ ਭੇਟ ਕੀਤੀਆਂ ਗਈਆਂ। ਇਹ ਐਂਬੂਲੈਂਸਾਂ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਆਵਾਜਾਈ ਲਈ ਵਰਤੀਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਦਾ ਤੁਰੰਤ ਇਲਾਜ ਅਤੇ ਸੁਰੱਖਿਅਤ ਆਵਾਜਾਈ ਯਕੀਨੀ ਬਣੇਗੀ।

ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਵੱਲੋਂ ਦਿਵਿਆਂਗਜਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਪੰਜ ਵੀਲਚੇਅਰਾਂ ਵੀ ਭੇਟ ਕੀਤੀਆਂ ਗਈਆਂ। ਇਹ ਵੀਲ੍ਹ ਚੇਅਰਾਂ ਦਿਵਿਆਂਗਜਨਾਂ ਨੂੰ ਆਸਾਨ ਮੂਵਮੈਂਟ ਲਈ ਸਹਾਇਕ ਸਾਬਤ ਹੋਣਗੀਆਂ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਨੂੰ ਵੀ ਮਿਲਿਆ ਰਿਮਾਂਡ

ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਸ਼੍ਰੀ ਹਰਭਜਨ ਸਿੰਘ ਦੱਸਿਆ ਕਿ ਇਨ੍ਹਾਂ ਵਿੱਚੋਂ 2 ਐਂਬੂਲੈਂਸਾਂ ਸਿਵਲ ਸਰਜਨ ਦਫ਼ਤਰ ਅਤੇ 1 ਇਕ ਐਂਬੂਲੈਂਸ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸਾਂ ਮਰੀਜ਼ਾਂ ਨੂੰ ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾਉਣ ਵਿੱਚ ਸਹਾਈ ਸਾਬਤ ਹੋਣਗੀਆਂ। ਭਵਿੱਖ ਵਿੱਚ ਹਰ ਸੰਭਵ ਮਦਦ ਉਪਲਬਧ ਕਰਵਾਉਣ ਦਾ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਇਸ ਪਹਿਲਕਦਮੀ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਐਂਬੂਲੈਂਸ ਰਾਹੀਂ ਮਨੁੱਖੀ ਜ਼ਿੰਦਗੀਆਂ ਨੂੰ ਸਮੇਂ ਸਿਰ ਹਸਪਤਾਲਾਂ ਵਿੱਚ ਪਹੁੰਚਾ ਕੇ ਬਚਾਇਆ ਜਾ ਸਕਦਾ ਹੈ। ਉਨ੍ਹਾਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਹਦਾਇਤ ਕੀਤੀ ਕਿ ਲਾਭਪਾਤਰੀਆਂ ਤੱਕ ਵੀਲ੍ਹ ਚੇਅਰਾਂ ਵੀ ਤੁਰੰਤ ਪਹੁੰਚਾਈਆਂ ਜਾਣ।

ਜ਼ਿਕਰਯੋਗ ਹੈ ਮੁਹੱਲਾ ਸਰਨ ਤਹਿਸੀਲ ਨਕੋਦਰ ਦੇ ਜਗਦੀਸ਼, ਪਿੰਡ ਮਾਲੋਵਾਲ ਦੀ ਸੁਖਜੀਤ ਕੌਰ, ਬਸਤੀ ਬਾਵਾ ਖੇਲ ਜਲੰਧਰ ਦੇ ਜਸਵੀਰ ਸਿੰਘ, ਪਿੰਡ ਸਿੰਧਰ ਦੇ ਅਮਰੀਕ ਸਿੰਘ ਅਤੇ ਪਿੰਡ ਕੰਗ ਕਲਾਂ ਦੇ ਯਾਦਵਿੰਦਰ ਸਿੰਘ ਨੂੰ ਇਨ੍ਹਾਂ ਵੀਲ੍ਹ ਚੇਅਰਾਂ ਦਾ ਲਾਭ ਮਿਲੇਗਾ।

ਇਸ ਮੌਕੇ ਸਿਵਲ ਸਰਜਨ ਡਾ. ਗੁਰਮੀਲ ਲਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮਨਜਿੰਦਰ ਸਿੰਘ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here