ਸਰਕਾਰ ਕਰੇਗੀ ਜਨ-ਜੀਵਨ ਨੂੰ ਲੀਹ ’ਤੇ ਲਿਆਉਣ ਲਈ ਸਫ਼ਾਈ ਮੁਹਿੰਮ ਸ਼ੁਰੂ : ਮਾਨ

0
1
Chief Minister

ਚੰਡੀਗੜ੍ਹ, 13 ਸਤੰਬਰ 2025 : ਜਨ-ਜੀਵਨ ਨੂੰ ਲੀਹ ’ਤੇ ਲਿਆਉਣ ਲਈ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਜਾਣ ਵਾਲੀ ਸਫ਼ਾਈ ਮੁਹਿੰਮ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਕਿਹਾ ਕਿ ਬਹੁਤ ਸਾਰੇ ਇਲਾਕਿਆਂ ’ਚੋਂ ਹੜ੍ਹਾਂ ਦਾ ਪਾਣੀ ਉਤਰ ਗਿਆ ਹੈ ।

ਸਰਕਾਰ ਕਰੇਗੀ ਹਰੇਕ ਪਿੰਡ ਵਿਚ ਇਕ ਜੇ. ਸੀ. ਬੀ., ਟੈ੍ਰਕਟਰ ਟਰਾਲੀ ਤੇ ਲੇਬਰ ਦਾ ਪ੍ਰਬੰਧ

ਉਨ੍ਹਾਂ ਕਿਹਾ ਕਿ ਹਰੇਕ ਪਿੰਡ ’ਚ ਇਕ ਜੇ. ਸੀ. ਬੀ., ਟਰੈਕਟਰ-ਟਰਾਲੀ ਅਤੇ ਲੇਬਰ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਵੇਗਾ। ਜੋ ਵੀ ਹੜ੍ਹਾਂ ਨਾਲ ਰੁੜ੍ਹ ਕੇ ਆਇਆ ਹੈ, ਉਸ ਮਲਬੇ ਨੂੰ ਸਾਫ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹਰੇਕ ਪਿੰਡ ’ਚ ਫੌਗਿੰਗ ਕਰਵਾਈ ਜਾਵੇਗੀ ਤਾਂ ਜੋ ਕੋਈ ਬੀਮਾਰੀ ਨਾ ਫੈਲੇ। ਇਸ ਮੁਹਿੰਮ ਲਈ ਸਰਕਾਰ ਨੇ 100 ਕਰੋੜ ਰੁਪਿਆ ਰੱਖਿਆ ਹੈ, ਜਿਹਦੇ ’ਚੋਂ ਇਕ-ਇਕ ਲੱਖ ਪਿੰਡਾਂ ਨੂੰ ਟੋਕਨ ਦੇ ਤੌਰ ’ਤੇ ਦਿੱਤਾ ਜਾਵੇਗਾ ਅਤੇ ਜਿਵੇਂ-ਜਿਵੇਂ ਲੋੜ ਪਵੇਗੀ, ਪਿੰਡਾਂ ਨੂੰ ਪੈਸੇ ਦਿੱਤੇ ਜਾਣਗੇ।

ਸਾਫ਼-ਸਫ਼ਾਈ ਦਾ ਸਾਰਾ ਖ਼ਰਚਾ ਕਰੇਗੀ ਪੰਜਾਬ ਸਰਕਾਰ

ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਅਤੇ 24-25 ਸਤੰਬਰ ਤੱਕ ਮਿੱਟੀ ਅਤੇ ਮਲਬੇ ਨੂੰ ਸਾਫ਼ ਕਰਨ ਦਾ ਕੰਮ ਨਿਬੇੜ ਲਿਆ ਜਾਵੇਗਾ । ਮੁੱਖ ਮੰਤਰੀ ਨੇ ਕਿਹਾ ਕਿ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਨੂੰ ਸਾਫ਼ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਕੁਦਰਤੀ ਆਫ਼ਤ ਦੇ ਖ਼ਿਲਾਫ਼ ਲੜੇ ਹਾਂ ਅਤੇ ਹੁਣ ਵੀ ਮੁੜ ਕੇ ਪੰਜਾਬ ਨੂੰ ਖੜ੍ਹਾ ਕਰਨਾ ਹੈ ।

ਮੁੱਖ ਮੰਤਰੀ ਨੇ ਕੀਤਾ ਸਰਕਾਰ ਵਲੋਂ ਸਾਰੇ ਪ੍ਰਭਾਵਿਤ 2300 ਪਿੰਡਾਂ ’ਚ ਮੈਡੀਕਲ ਕੈਂਪ ਲਗਾਉਣ ਦਾ ਐਲਾਨ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਸਾਰੇ ਪ੍ਰਭਾਵਿਤ 2300 ਪਿੰਡਾਂ ’ਚ ਮੈਡੀਕਲ ਕੈਂਪ (Medical camps in 2300 villages) ਲਾਏ ਜਾਣਗੇ । 1707 ਪਿੰਡਾਂ ’ਚ ਸਾਂਝੀਆਂ ਥਾਵਾਂ ’ਤੇ ਜਿੱਥੇ ਪਿੰਡ ਵਾਲੇ ਕਹਿਣਗੇ, ਉੱਥੇ ਮੈਡੀਕਲ ਸਟਾਫ਼ ਅਤੇ ਡਾਕਟਰ ਹਰ ਸਮੇਂ ਮੁਹੱਈਆ ਰਹਿਣਗੇ । 550 ਐਂਬੂਲੈਂਸਾਂ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ 713 ਪਿੰਡਾਂ ’ਚ ਕਰੀਬ ਢਾਈ ਲੱਖ ਦੇ ਆਸ-ਪਾਸ ਪਸ਼ੂ ਹੜ੍ਹਾਂ ਤੋਂ ਪ੍ਰਭਾਵਿਤ ਹਨ ।

ਸਰਕਾਰ ਨੇ ਹਰੇਕ ਪਿੰਡ ’ਚ ਵੈਟਰਨਰੀ ਡਾਕਟਰਾਂ ਦੀ ਟੀਮ ਤਾਇਨਾਤ ਕਰ ਦਿੱਤੀ ਹੈ

ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ । ਸਰਕਾਰ ਨੇ ਹਰੇਕ ਪਿੰਡ ’ਚ ਵੈਟਰਨਰੀ ਡਾਕਟਰਾਂ (Veterinary doctors in every village) ਦੀ ਟੀਮ ਤਾਇਨਾਤ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਝੋਨਾ 15 ਦਿਨ ਪਹਿਲਾਂ ਹੀ ਮੰਡੀਆਂ ’ਚ ਆਉਣਾ ਸ਼ੁਰੂ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ’ਚੋਂ ਬੜੀ ਜਲਦੀ ਨਿਕਲ ਕੇ ਆਪਣੇ ਆਮ ਹਾਲਾਤਾਂ ’ਚ ਆ ਜਾਵਾਂਗੇ ।

ਸਿਹਤ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਲੋਕਲ ਅਧਿਕਾਰੀਆਂ ਨਾਲ ਸੰਪਰਕ ਕਰੇ

ਉਨ੍ਹਾਂ ਕਿਹਾ ਕਿ ਜਿਹੜਾ ਸਰਕਾਰੀ ਤੰਤਰ (Government machinery) ਦਾ ਨੁਕਸਾਨ ਹੋਇਆ ਹੈ, ਉਸ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ । ਪਸ਼ੂਆਂ ਅਤੇ ਇਨਸਾਨਾਂ ’ਚ ਕਿਸੇ ਤਰ੍ਹਾਂ ਦੀ ਬੀਮਾਰੀ ਨਾ ਫੈਲੇ, ਇਸ ਲਈ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਮੈਡੀਕਲ ਕੈਂਪ ਸ਼ੁਰੂ ਹੋ ਚੁੱਕੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਲੋਕਲ ਅਧਿਕਾਰੀਆਂ ਨਾਲ ਸੰਪਰਕ ਕਰੇ ।

Read More : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ‘ਤੇ CM ਭਗਵੰਤ ਮਾਨ ਦਾ ਆਇਆ ਬਿਆਨ

LEAVE A REPLY

Please enter your comment!
Please enter your name here