ਪਟਿਆਲਾ, 16 ਜੁਲਾਈ 2025 : ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਦੇ ਸਰਕਾਰੀ ਸਵੀਮਿੰਗ ਪੂਲ `ਤੇ ਪੰਜਾਬ ਸਰਕਾਰ 15 ਲੱਖ ਰੁਪਏ ਖਰਚ ਕਰਕੇ ਇਸ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਟੈਂਡਰ ਜਾਰੀ ਹੋ ਚੁੱਕਾ ਹੈ, ਜਲਦੀ ਹੀ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਨੇ ਸਰਕਾਰੀ ਸਵੀਮਿੰਗ ਪੂਲ ਵਿਖੇ ਮਾਧਵ ਕੇ. ਆਰ. ਜੀ. ਲਿਮਟਿਡ ਮੰਡੀ ਗੋਬਿੰਦਗੜ੍ਹ ਵਲੋਂ ਇਥੋਂ ਦੇ ਖਿਡਾਰੀਆਂ ਦੀ ਸਹੂਲਤ ਲਈ ਸਥਾਪਤ ਕੀਤੇ ਗਏ ਵਾਟਰ ਕੂਲਰ ਅਤੇ ਆਰ. ਓ. ਦਾ ਉਦਘਾਟਨ ਕਰਨ ਤੋਂ ਬਾਅਦ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ।
15 ਲੱਖ ਨਾਲ ਬਣਾਇਆ ਜਾਵੇਗਾ ਲੜਕੀਆਂ ਅਤੇ ਲੜਕਿਆਂ ਲਈ ਵਾਸ਼ਰੂਮ ਅਤੇ ਨਵਾਂ ਹਾਲ : ਡੀ. ਸੀ.
ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕਿਹਾ ਕਿ 15 ਲੱਖ ਰੁਪਏ ਦੇ ਨਾਲ ਲੜਕੀਆਂ ਅਤੇ ਲੜਕਿਆਂ ਦੇ ਵੱਖ ਵੱਖ ਵਾਸ਼ਰੂਮ ਅਤੇ ਇਕ ਨਵਾਂ ਹਾਲ ਬਣਾਇਆ ਜਾਵੇਗਾ । ਇਸ ਤੋਂ ਇਲਾਵਾ ਜ਼ਰੂਰਤ ਅਨੁਸਾਰ ਹੋਰ ਸਹੂਲਤਾਂ ਇਸ ਪੂਲ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਖੇਡਾਂ ਦੇ ਖੇਤਰ ਵਿਚ ਵੱਡੇ ਪੱਧਰ `ਤੇ ਕਾਰਜ ਕੀਤੇ ਜਾ ਰਹੇ ਹਨ । ਇਸ ਦੌਰਾਨ ਉਨ੍ਹਾਂ ਨੇ ਸਵੀਮਿੰਗ ਪੂਲ ਕੰਪਲੈਕਸ ਦਾ ਦੌਰਾ ਕੀਤਾ ਅਤੇ ਕੋਚਾਂ ਨਾਲ ਗੱਲਬਾਤ ਕੀਤੀ ।
ਸਰਕਾਰ ਕਰ ਰਹੀ ਹੈ ਸਿੱਖਿਆ, ਸਿਹਤ ਅਤੇ ਸਪੋਰਟਸ ਦੇ ਖੇਤਰ ਵਿਚ ਵੱਡੇ ਪੱਧਰ `ਤੇ ਕਾਰਜ
ਡਿਪਟੀ ਕਮਿਸ਼ਨਰ ਨੇ ਮਾਧਵ ਕੇ. ਆਰ. ਜੀ. ਲਿਮਟਿਡ (Madhav K. R. G. Limited) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹੁਣ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕ, ਸਮਾਜਿਕ ਸੰਸਥਾਵਾਂ ਅਤੇ ਉਦਯੋਗ ਜਗਤ ਵੀ ਸਰਕਾਰ ਦੇ ਲੋਕ ਕਲਿਆਣ ਦੇ ਕੰਮਾਂ ਵਿਚ ਭਾਗੀਦਾਰ ਬਣ ਰਿਹਾ ਹੈ ਜੋ ਕਿ ਸੂਬੇ ਲਈ ਬਹੁਤ ਹੀ ਸ਼ੁਭ ਸੰਕੇਤ ਹੈ । ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ, ਸਿਹਤ ਅਤੇ ਸਪੋਰਟਸ ਦੇ ਖੇਤਰ ਵਿਚ ਵੱਡੇ ਪੱਧਰ `ਤੇ ਕਾਰਜ ਕਰ ਰਹੀ ਹੈ। ਮੁੱਖ ਮੰਤਰੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਪਿੰਡਾਂ ਵਿਚ ਵੱਡੇ ਪੱਧਰ `ਤੇ ਖੇਤ ਸਟੇਡੀਅਮ ਉਸਾਰੇ ਜਾਣਗੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਪਿੰਡ ਪੱਧਰ `ਤੇ ਹੀ ਖੇਡ ਸਹੂਲਤਾਂ ਮਿਲ ਸਕਣ ।
ਪਟਿਆਲਾ ਸ਼ਹਿਰ ਹੈ ਸਪੋਰਟਸ ਦਾ ਵੱਡਾ ਕੇਂਦਰ
ਪਟਿਆਲਾ ਸ਼ਹਿਰ ਨੂੰ ਸਪੋਰਟਸ ਦਾ ਵੱਡਾ ਕੇਂਦਰ ਦੱਸਦਿਆਂ ਇਸ ਨੂੰ ਹੋਰ ਵਿਕਸਤ ਕਰਨ ਤੇ ਜੋ਼ਰ ਦਿੰਦਿਆਂ ਉਨ੍ਹਾਂ ਸਵੀਮਿੰਗ ਪੂਲ ਵਿਚ ਸਵੀਮਿੰਗ ਦੀ ਤਿਆਰੀ ਕਰ ਰਹੀਆਂ ਲੜਕੀਆਂ ਅਤੇ ਲੜਕਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੂਲ ਵਿਚੋਂ ਤੈਰਾਕੀ ਸਿੱਖ ਕੇ ਬੱਚੇ ਨੈਸ਼ਨਲ ਪੱਧਰ `ਤੇ ਮੈਡਲ ਹਾਸਲ ਕਰ ਰਹੇ ਹਨ ਜੋ ਕਿ ਪਟਿਆਲਾ ਲਈ ਮਾਣ ਵਾਲੀ ਗੱਲ ਹੈ।
ਮਾਧਵ ਕੇ. ਆਰ. ਜੀ. ਲਿਮਟਿਡ ਵਲੋਂ ਕੀਤੇ ਜਾ ਰਹੇ ਹਨ ਸੇਵਾ ਕਾਰਜ : ਗੋਇਲ
ਮਾਧਵ ਕੇ. ਆਰ. ਜੀ. ਲਿਮਟਿਡ ਵਲੋਂ ਪਹੁੰਚੇ ਸੀ. ਏ. ਰਾਜੀਵ ਗੋਇਲ (C. A. Rajiv Goyal) ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਇਸ ਤਰ੍ਹਾਂ ਦੇ ਸੇਵਾ ਕਾਰਜ ਕਰਦਾ ਰਹਿੰਦਾ ਹੈ। ਮਾਧਵ ਕੇ. ਆਰ. ਜੀ. ਵਲੋਂ ਸੀ. ਐਸ. ਆਰ. ਤਹਿਤ ਵੱਡੇ ਪੱਧਰ `ਤੇ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਸ ਗਰੁੱਪ ਵਲੋਂ ਆਪਣੇ ਪੱਧਰ `ਤੇ ਸਕਿਲ ਸੈਂਟਰ ਖੋਲ% ਕੇ ਮਹਿਲਾਵਾਂ ਨੂੰ ਸਿਲਾਈ, ਕਢਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਟ੍ਰੇਨਿੰਗਾਂ ਦੇ ਕੇ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਗਰੁੱਪ ਵਲੋਂ ਲੋਕਾਂ ਦੀ ਸਹੂਲਤ ਲਈ ਕਈ ਜਗ੍ਹਾ `ਤੇ ਬੱਸ ਸ਼ੈਲਟਰਾਂ ਦਾ ਨਿਰਮਾਣ ਕੀਤਾ ਗਿਆ ਹੈ ।
ਉਨ੍ਹਾਂ ਕਿਹਾ ਕਿ ਮਾਧਵ ਕੇ. ਆਰ. ਜੀ. ਗਰੁੱਪ ਹਮੇਸ਼ਾ ਹੀ ਪ੍ਰਸ਼ਾਸ਼ਨ ਅਤੇ ਸਰਕਾਰ ਨਾਲ ਮਿਲ ਕੇ ਲੋਕ ਭਲਾਈ ਦੇ ਕੰਮਾਂ ਵਿਚ ਭਾਗੀਦਾਰ ਬਣਦਾ ਆ ਰਿਹਾ ਹੈ ਅਤੇ ਭਵਿੱਖ ਵਿਚ ਵੀ ਸਰਕਾਰ ਤੇ ਪ੍ਰਸ਼ਾਸ਼ਨ ਨਾਲ ਮਿਲ ਕੇ ਸੇਵਾ ਦੇ ਕਾਰਜ ਕਰਦਾ ਰਹੇਗਾ। ਇਸ ਮੌਕੇ ਪਟਿਆਲਾ ਜ਼ਿਲਾ ਸਵੀਮਿੰਗ ਐਸੋਸੀਏਸ਼ਨ ਦੇ ਸਕੱਤਰ ਸੰਦੀਪ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ।
Read More : ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਡੇਂਗੂ ਰੋਕਥਾਮ ਲਈ ਮੀਟਿੰਗ