ਫਾਜ਼ਿਲਕਾ: ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ IPS, ਡਿਪਟੀ ਇੰਸਪੈਕਟਰ ਜਨਰਲ ਫ਼ਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਅਤੇ ਐਸ.ਐਸ.ਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਧੀਨ “ਯੁੱਧ ਨਸ਼ਿਆਂ ਵਿਰੁੱਧ” ਚੱਲ ਰਹੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ।
ਸਬ ਡਵੀਜ਼ਨ ਜਲਾਲਾਬਾਦ ਦੇ ਉਪ ਕਪਤਾਨ ਪੁਲਿਸ ਜਤਿੰਦਰ ਸਿੰਘ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੇ ਅਧਿਕਾਰੀਆ ਸਮੇਤ ਸਬ ਡਵੀਜ਼ਨ ਦੇ ਐਸ.ਐਚ.ਓ ਸਾਹਿਬਾਨ ਅਤੇ ਲਗਭਗ 100 ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ ਪਿੰਡ ਮਹਾਲਮ ਵਿਖੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਠਿਕਾਣਿਆਂ ‘ਤੇ ਛਾਪੇ ਮਾਰੇ। ਇਸ ਦੌਰਾਨ ਪੁਲਿਸ ਨੇ ਲਗਭਗ 17,000 ਲੀਟਰ ਲਾਹਨ (ਕੱਚੀ ਸ਼ਰਾਬ) ਬਰਾਮਦ ਕਰਕੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ। ਇਸ ਤੋਂ ਇਲਾਵਾ ਵੱਖ ਵੱਖ ਦੋਸ਼ੀਆਂ ਦੇ ਖ਼ਿਲਾਫ਼ 3 ਮੁਕੱਦਮੇ ਵੀ ਦਰਜ ਰਜਿਸਟਰ ਕੀਤੇ ਗਏ ਹਨ।
ਇਹ ਕਾਰਵਾਈ ਹਾਲ ਹੀ ਵਿੱਚ ਮਜੀਠਾ ਵਿਖੇ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਇਸ ਮੌਕੇ ਜਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਤਰੀਕੇ ਨਾਲ ਵਿਕਣ ਵਾਲੀ ਨਾਜਾਇਜ਼ ਸ਼ਰਾਬ ਦੀ ਖਰੀਦ-ਫ਼ਰੋਖ਼ਤ ਤੋਂ ਬਚਣ। ਅਜਿਹੀ ਸ਼ਰਾਬ ਜ਼ਹਿਰੀਲੀ ਹੋਣ ਕਰਕੇ ਸਿਹਤ ਲਈ ਘਾਤਕ ਹੋ ਸਕਦੀ ਹੈ। ਇਸ ਦੇ ਨਾਲ ਹੀ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਅਜਿਹਾ ਗੈਰਕਾਨੂੰਨੀ ਕਾਰੋਬਾਰ ਤੁਰੰਤ ਬੰਦ ਕਰਣ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।