ਅਬੋਹਰ (ਫਾਜ਼ਿਲਕਾ): ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ, ਡੀ.ਜੀ.ਪੀ ਗੌਰਵ ਯਾਦਵ (ਆਈ.ਪੀ.ਐਸ.) ਜੀ ਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਅਤੇ ਵਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਚਲ ਰਹੀ “ਯੁੱਧ ਨਸ਼ਿਆਂ ਦੇ ਵਿਰੁੱਧ” ਮੁਹਿੰਮ ਅਧੀਨ, ਫਾਜ਼ਿਲਕਾ ਪੁਲਿਸ ਨੇ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਦੀ ਜਾਇਦਾਦ ‘ਤੇ ਬੁਲਡੋਜ਼ਰ ਚਲਾਇਆ।
ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੋਬਿੰਦਗੜ੍ਹ ਥਾਣਾ ਸਦਰ ਅਬੋਹਰ ਦੇ ਨਿਵਾਸੀ ਮੋਹਣਾ ਸਿੰਘ ਪੁੱਤਰ ਬਿੱਕਰ ਸਿੰਘ ਵੱਲੋਂ ਨਸ਼ੇ ਦੀ ਕਮਾਈ ਵਿੱਚੋ ਬਣਾਈ ਗਈ ਜਾਇਦਾਦ ਨੂੰ ਅੱਜ ਢਾਹ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਦੋਸ਼ੀ ਮੋਹਣਾ ਸਿੰਘ ਵਿਰੁੱਧ ਨਸ਼ਾ ਤਸਕਰੀ ਦੇ 03 ਕੇਸ ਦਰਜ ਹਨ। ਐਸ.ਐਸ.ਪੀ. ਨੇ ਸਖਤ ਸੁਨੇਹਾ ਦਿੰਦਿਆਂ ਕਿਹਾ ਕਿ ਜੋ ਕੋਈ ਨਸ਼ੇ ਦੀ ਕਾਲੀ ਕਮਾਈ ਨਾਲ ਜਾਇਦਾਦ ਬਣਾਵੇਗਾ, ਉਸ ਦੀ ਜਾਇਦਾਦ ਜਾਂ ਤਾਂ ਸੀਜ਼ ਕੀਤੀ ਜਾਵੇਗੀ ਜਾਂ ਢਾਹ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ, “ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਜਿਨ੍ਹਾਂ ਨੇ ਵੀ ਨਸ਼ਾ ਵੇਚ ਕੇ ਜਾਇਦਾਦਾਂ ਖੜੀਆਂ ਕੀਤੀਆਂ ਹਨ, ਉਹ ਤਿਆਰ ਰਹਿਣ – ਪੁਲਿਸ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਬੁਲਡੋਜ਼ਰ ਸਮੇਤ ਪਹੁੰਚੇਗੀ।”ਇਸ ਮੌਕੇ ਪਿੰਡ ਦੇ ਵਸਨੀਕਾਂ ਨੇ ਪੁਲਿਸ ਦੀ ਇਸ ਸਖ਼ਤ ਕਾਰਵਾਈ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਖ਼ਤ ਕਾਰਵਾਈਆਂ ਨਾਲ ਨਸ਼ਾ ਤਸਕਰਾਂ ਦੇ ਹੋਸਲੇ ਪਸਤ ਹੋਣਗੇ ਤੇ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਹਕੀਕਤ ਬਣੇਗਾ।
ਐਸ.ਐਸ.ਪੀ. ਬਰਾੜ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦੇ ਨਾਲ-ਨਾਲ, ਪੁਲਿਸ ਵੱਲੋਂ ਲੋਕਾਂ ਨਾਲ ਰਾਬਤਾ ਵਧਾਉਣ ਲਈ ਸੰਪਰਕ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਰਾਹੀਂ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਫੀਡਬੈਕ ਮਿਲ ਰਹੇ ਹਨ, ਜਿਸ ਨਾਲ ਨਸ਼ਿਆਂ ਵਿਰੁੱਧ ਲੜਾਈ ਹੋਰ ਵੀ ਪ੍ਰਭਾਵਸ਼ਾਲੀ ਬਣ ਰਹੀ ਹੈ।