ਸੰਯੁਕਤ ਅਰਬ ਅਮੀਰਾਤ ਜਾਣ ਦੇ ਚਾਹਵਾਨ ਲੋਕਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੁਬਈ ਦੀ ਪ੍ਰਮੁੱਖ ਐਮੀਰੇਟਸ ਏਅਰਲਾਈਨਜ਼ ਨੇ ਆਪਣੇ ਤਾਜ਼ਾ ਟ੍ਰੈਵਲ ਅਪਡੇਟ ਵਿਚ ਪਾਬੰਦੀ 7 ਅਗਸਤ ਤੱਕ ਵਧਾ ਦਿੱਤੀ ਹੈ। ਐਮੀਰੇਟਸ ਏਅਰਲਾਈਨਜ਼ ਨੇ ਕੁੱਝ ਦੇਸ਼ਾਂ ‘ਤੇ ਉੇਡਾਣਾਂ ਲਈ ਪਾਬੰਦੀ ਲਈ ਹੈ। ਇਹ ਨਿਯਮ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ‘ਤੇ ਲਾਗੂ ਹੋਵੇਗਾ। ਭਾਰਤ ਵਿਚ ਲੱਖਾਂ ਲੋਕ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ ਬੈਨ ਕਾਰਨ ਫਸੇ ਹੋਏ ਹਨ।
ਯੂ.ਏ.ਈ. ਦੇ ਨਾਗਰਿਕਾਂ, ਗੋਲਡਨ ਵੀਜ਼ਾ ਧਾਰਕਾਂ ਅਤੇ ਡਿਪਲੋਮੈਟਿਕ ਮਿਸ਼ਨ ਨਾਲ ਜੁੜੇ ਲੋਕਾਂ ਨੂੰ ਇਸ ਪਾਬੰਦੀ ਤੋਂ ਛੋਟ ਹੋਵੇਗੀ। ਖਬਰਾਂ ਅਨੁਸਾਰ ਯੂ.ਏ.ਈ. ਦੇ ਨੈਸ਼ਨਲ ਐਮਰਜੈਂਸੀ ਕ੍ਰਾਇਸਿਸ ਅਤੇ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਨੇ 22 ਅਪ੍ਰੈਲ ਨੂੰ ਭਾਰਤ ਤੋਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ। ਇਹ ਪਾਬੰਦੀ ਜਾਰੀ ਹੈ ਤੇ ਹਾਲੇ ਏਤਿਹਾਦ ਏਅਰਵੇਜ਼ ਨੇ ਇਹ ਪਾਬੰਦੀ 2 ਅਗਸਤ ਤੱਕ ਵਧਾ ਦਿੱਤੀ ਹੈ।
ਇਸ ਦੇ ਨਾਲ ਹੀ ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਕੋਰੋਨਾ ਵਾਇਰਸ ਦੀ ‘ਰੈੱਡ ਲਿਸਟ’ ਵਿਚ ਸ਼ਾਮਲ ਦੇਸ਼ਾਂ ਦੀ ਯਾਤਰਾ ਕੀਤੀ ਤਾਂ ਉਹਨਾਂ ਨੂੰ 3 ਸਾਲ ਲਈ ਯਾਤਰਾ ਕਰਨ ‘ਤੇ ਪਾਬੰਦੀ ਲਗਾਈ ਜਾਵੇਗੀ। ਇੱਥੇ ਦੱਸ ਦਈਏ ਕਿ ਪਿਛਲੇ ਕਰੀਬ 3 ਮਹੀਨੇ ਤੋਂ ਲੱਖਾਂ ਯਾਤਰੀ ਭਾਰਤ ਜਾਣ ਦੇ ਇੰਤਜ਼ਾਰ ਵਿਚ ਹਨ। ਇਸ ਲਈ ਹੁਣ ਅਗਲਾ ਫ਼ੈਸਲਾ ਆਉਣ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਪਵੇਗਾ।