ਸਿੱਖਿਆ ਮੰਤਰੀ ਨੇ ਪਾਵਨ ਅਸਥਾਨ ‘ਤੇ ਹੋਈ ਆਪਣੀ ‘ਦਸਤਾਰਬੰਦੀ’ ਨੂੰ ਯਾਦ ਕੀਤਾ

0
5
Education Minister

ਚੰਡੀਗੜ੍ਹ/ਨੰਦੇੜ, 23 ਅਕਤੂਬਰ 2025 : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Punjab Education Minister Harjot Singh Bains) ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨੰਦੇੜ (ਮਹਾਰਾਸ਼ਟਰ) ਵਿਖੇ ਨਤਮਸਤਕ ਹੋਏ ।

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਇਸ ਉਪਰੰਤ ਉਨ੍ਹਾਂ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ (Jathedar Giani Kulwant Singh) ਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ 23 ਤੋਂ 25 ਨਵੰਬਰ, 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਰਸਮੀ ਸੱਦਾ ਦਿੱਤਾ । ਇਸ ਦੌਰਾਨ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੇ ਹਰਜੋਤ ਸਿੰਘ ਬੈਂਸ ਨੂੰ ਦਸਤਾਰ ਸਜਾਈ ਅਤੇ ਸਿਰੋਪਾਓ ਭੇਟ ਕੀਤਾ ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪਾਵਨ ਅਸਥਾਨ ‘ਤੇ ਨਤਮਸਤਕ ਹੋਣਾ ਉਨ੍ਹਾਂ ਲਈ ਭਾਗਾਂ ਵਾਲੀ ਗੱਲ ਹੈ

ਇਸ ਮੌਕੇ ਗੱਲਬਾਤ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪਾਵਨ ਅਸਥਾਨ ‘ਤੇ ਨਤਮਸਤਕ ਹੋਣਾ ਉਨ੍ਹਾਂ ਲਈ ਭਾਗਾਂ ਵਾਲੀ ਗੱਲ ਹੈ । ਉਨ੍ਹਾਂ ਤਖ਼ਤ ਸਾਹਿਬ ‘ਤੇ ਹੋਈ ਆਪਣੀ ਦਸਤਾਰਬੰਦੀ ਨੂੰ ਯਾਦ ਕੀਤਾ । ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸਬੰਧੀ ਯਾਦਗਾਰੀ ਸਮਾਗਮਾਂ ਦਾ ਹਿੱਸਾ ਬਣਨਾ ਉਨ੍ਹਾਂ ਲਈ ਰੂਹਾਨੀ ਅਨੁਭਵ ਹੈ । ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੱਦਾ ਨਹੀਂ, ਸਗੋਂ ਪੰਜਾਬ ਦੀ ਪਵਿੱਤਰ ਧਰਤੀ ਵੱਲੋਂ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਤਿਕਾਰ ਭਰਪੂਰ ਦਿਲੀ ਅਪੀਲ ਹੈ ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਵਿੱਚ ਵਿਸ਼ਵ ਭਰ ਤੋਂ ਇੱਕ ਕਰੋੜ ਤੋਂ ਵੱਧ ਸੰਗਤ ਦੇ ਆਉਣ ਦੀ ਉਮੀਦ ਹੈ

ਹਰਜੋਤ ਸਿੰਘ ਬੈਂਸ ਨੇ ਗਿਆਨੀ ਕੁਲਵੰਤ ਸਿੰਘ ਜੀ ਨੂੰ ਜਾਣੂ ਕਰਵਾਇਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਵਿੱਚ ਵਿਸ਼ਵ ਭਰ ਤੋਂ ਇੱਕ ਕਰੋੜ ਤੋਂ ਵੱਧ ਸੰਗਤ ਦੇ ਆਉਣ ਦੀ ਉਮੀਦ ਹੈ । ਉਨ੍ਹਾਂ ਦੱਸਿਆ ਕਿ 19 ਤੋਂ 30 ਨਵੰਬਰ ਤੱਕ ਰੋਜ਼ਾਨਾ 11,000 ਤੋਂ ਵੱਧ ਸੰਗਤ ਦੀ ਠਹਿਰ ਲਈ ਪਵਿੱਤਰ ਸ਼ਹਿਰ ਵਿਖੇ ਇੱਕ ਟੈਂਟ ਸਿਟੀ (ਚੱਕ ਨਾਨਕੀ) ਸਥਾਪਤ ਕੀਤੀ ਜਾ ਰਹੀ ਹੈ ।

ਸ਼ਹੀਦੀ ਸਮਾਗਮ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ਼ੁਰੂ ਹੋਣਗੇ

ਉਨ੍ਹਾਂ ਦੱਸਿਆ ਕਿ ਸ਼ਹੀਦੀ ਸਮਾਗਮ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ਼ੁਰੂ ਹੋਣਗੇ । ਇਸ ਤੋਂ ਬਾਅਦ ਸਰਬ ਧਰਮ ਸੰਮੇਲਨ, ਵਿਰਾਸਤ-ਏ-ਖ਼ਾਲਸਾ ਵਿਖੇ ਇੱਕ ਪ੍ਰਦਰਸ਼ਨੀ, ਸ਼ਾਮ 5 ਵਜੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਦਰਸਾਉਂਦਾ ਵਿਲੱਖਣ ਡਰੋਨ ਸ਼ੋਅ ਅਤੇ ਸ਼ਾਮ 6 ਵਜੇ ਕੀਰਤਨ ਦਰਬਾਰ ਹੋਵੇਗਾ ਜਦਕਿ ਰਾਤ ਸਮੇਂ “ਸ਼ਹਾਦਤ ਦੀ ਲੋਅ” ਨਾਲ ਪਵਿੱਤਰ ਸ਼ਹਿਰ ਮਸ਼ਾਲਾਂ ਦੀ ਰੌਸ਼ਨੀ ਨਾਲ ਜਗਮਾਏਗਾ।

24 ਨਵੰਬਰ ਨੂੰ ਨਗਰ ਕੀਰਤਨ “ਸੀਸ ਭੇਟ” ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾਵੇਗਾ

ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਨਗਰ ਕੀਰਤਨ “ਸੀਸ ਭੇਟ” ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾਵੇਗਾ । ਇਸ ਤੋਂ ਇਲਾਵਾ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਸਥਿਤ ਭਾਈ ਜੈਤਾ ਜੀ ਯਾਦਗਾਰ ਵਿਖੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਉਪਰੰਤ ਪ੍ਰਸਿੱਧ ਕੀਰਤਨੀਏ ਨੌਵੇਂ ਪਾਤਿਸ਼ਾਹ ਦੇ ਸ਼ਬਦਾਂ ਦਾ ਗਾਇਨ ਕਰਨਗੇ ।

ਪੰਜਾਬ ਸਰਕਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਵਸ ਅਥਾਹ ਸਤਿਕਾਰ ਅਤੇ ਸ਼ਰਧਾ ਨਾਲ ਮਨਾ ਰਹੀ ਹੈ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਵਸ ਅਥਾਹ ਸਤਿਕਾਰ ਅਤੇ ਸ਼ਰਧਾ ਨਾਲ ਮਨਾ ਰਹੀ ਹੈ ਅਤੇ ਇਸ ਦੌਰਾਨ ਗੁਰੂ ਸਾਹਿਬ ਦੇ ਨਿਸ਼ਕਾਮ ਸੇਵਾ, ਧਰਮ ਦੀ ਰਾਖੀ, ਸੱਚਾਈ ‘ਤੇ ਪਹਿਰਾ ਦੇਣ ਅਤੇ ਮਨੁੱਖੀ ਅਧਿਕਾਰਾਂ ਲਈ ਡਟਣ ਜਿਹੇ ਸਦੀਵੀ ਸਿਧਾਂਤਾਂ ਨੂੰ ਦਰਸਾਇਆ ਜਾਵੇਗਾ ਅਤੇ ਲੋਕਾਈ ਤੱਕ ਪਹੁੰਚਾਇਆ ਜਾਵੇਗਾ ।

Read More : 21 ਤੋਂ 29 ਨਵੰਬਰ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਮੁੱਖ ਸਮਾਗਮ

LEAVE A REPLY

Please enter your comment!
Please enter your name here