ਡਾ. ਬਲਜੀਤ ਕੌਰ ਨੇ ਕੀਤਾ ਬਿਜਲੀ ਗਰਿੱਡ ਮਲੋਟ ਦਾ ਦੌਰਾ: ਕਿਹਾ ਅੱਗ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ

0
4

ਮਲੋਟ, 24 ਅਪ੍ਰੈਲ 2025 – ਪੰਜਾਬ ਕੈਬਿਨੇਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਮਲੋਟ – ਬਠਿੰਡਾ ਰੋਡ ਸਥਿਤ ਬਿਜਲੀ ਗਰਿੱਡ ਸਟੋਰ ਦਾ ਦੌਰਾ ਕੀਤਾ, ਜਿੱਥੇ 21 ਅਪ੍ਰੈਲ ਨੂੰ ਅੱਗ ਲੱਗੀ ਸੀ।

ਮੌਕੇ ਦਾ ਜਾਇਜ਼ਾ ਲੈਂਦਿਆਂ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਅੱਗ ਬੁਝਾਉਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ-ਨਾਲ ਹੋਰ ਆਂਢ – ਗੁਆਂਢ ਦੇ ਜ਼ਿਲ੍ਹਿਆਂ ਤੋਂ ਵੀ ਫਾਇਰ ਬ੍ਰਿਗੇਡ ਬੁਲਾਈ ਗਈ ਸੀ ਜਿਸ ਦੇ ਸਹਿਯੋਗ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਕਰੇਗੀ ਮੈਡੀਕਲ ਅਫਸਰਾਂ ਦੀ ਭਰਤੀ, ਆਨਲਾਈਨ ਅਰਜ਼ੀਆਂ ਪ੍ਰਕ੍ਰਿਆ ਸ਼ੁਰੂ

ਉਨ੍ਹਾਂ ਵਿਭਾਗ ਦੇ ਅਧਿਕਰੀਆਂ ਅਤੇ ਕਰਮਚਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਅੱਗ ਬੁਝਾਈ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅੱਗ ਵਿੱਚ 4500 ਪੁਰਾਣੇ ਟਰਾਂਸਫਾਰਮਰ ਅਤੇ 500 ਨਵੇਂ ਟਰਾਂਸਫਾਰਮਰਾਂ ਦਾ ਨੁਕਸਾਨ ਹੋਇਆ ਹੈ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ‘ਤੇ ਉਹ ਅੱਗ ਕਿਸੇ ਮਾੜੇ ਅਨਸਰ ਤੋਂ ਕਰਵਾਈ ਨਹੀਂ ਜਾਪਦੀ। ਬਾਕੀ ਜਾਂਚ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪਹਿਲਗਾਮ ਹਮਲੇ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਵਿੱਚ ਜੇਕਰ ਹੋਰ ਦੇਸ਼ਾਂ ਦਾ ਹੱਥ ਹੈ ਤਾਂ ਉਨ੍ਹਾਂ ਖਿਲਾਫ ਵੀ ਕੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਮੌਕੇ ਉਨ੍ਹਾਂ ਨਾਲ ਮੰਤਰੀ ਜੀ ਦੇ ਸਕੱਤਰ ਅਰਸ਼ਦੀਪ ਸਿੰਘ,ਸੀਨੀਅਰ ਐਕਸ ਈ ਐਨ (ਵੰਡ) ਮਲੋਟ ਅਮਨਦੀਪ ਸਿੰਘ, ਏ ਐੱਸ ਈ ਕੇਂਦਰੀ ਸਟੋਰ ਮਲੋਟ ਸੁਰੇਸ਼ ਕੁਮਾਰ, ਐੱਸ ਡੀ ਓ, ਜੂਨੀਅਰ ਇੰਜੀਨੀਅਰ ਅਤੇ ਹੋਰ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here