ਚੰਡੀਗੜ੍ਹ, 25 ਜੁਲਾਈ 2025 : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿਚ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ (Appointment letter to newly appointed employees) ਦਿੰਦਿਆਂ ਉਪਰੋਕਤ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਚੱਲ ਰਹੀ ਭਰਤੀ ਮੁਹਿੰਮ ਤਹਿਤ 10 ਆਂਗਣਵਾੜੀ ਸੁਪਰਵਾਈਜ਼ਰ, 6 ਸੁਪਰਡੈਂਟ (ਬਾਲ ਘਰ) ਅਤੇ 1 ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ ।
ਪਹਿਲਾਂ ਵੀ 97 ਆਂਗਣਵਾੜੀ ਸੁਪਰਵਾਈਜਰਾਂ ਨੂੰ ਵੰਡੇ ਜਾ ਚੁੱਕੇ ਹਨ ਨਿਯੁਕਤੀ ਪੱਤਰ
ਵਿਭਾਗ ਵੱਲੋਂ ਪਹਿਲਾਂ ਵੀ 97 ਆਂਗਣਵਾੜੀ ਸੁਪਰਵਾਈਜ਼ਰਾਂ ਨੂੰ ਵੰਡੇ ਜਾ ਚੁੱਕੇ ਨਿਯੁਕਤੀ ਪੱਤਰਾਂ ਸਬੰਧੀ ਦੱਸਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਦੀ ਕੰਮਯੋਗਤਾ ਅਤੇ ਲੋਕ-ਭਲਾਈ ਨਾਲ ਸੰਬੰਧਤ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਹੋਰ ਮਹੱਤਵਪੂਰਨ ਕਦਮ ਹੈ । ਇਸ ਮੌਕੇ ਉਨ੍ਹਾਂ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਉਤਸ਼ਾਹਿਤ ਕੀਤਾ ਕਿ ਉਹ ਪੂਰੀ ਇਮਾਨਦਾਰੀ, ਸਮਰਪਣ ਅਤੇ ਹਮਦਰਦੀ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਤਾਂ ਜੋ ਲੋੜਵੰਦ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦੀ ਪਹੁੰਚ ਯਕੀਨੀ ਬਣ ਸਕੇ ।
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਜੁੜਿਆ ਹੋਇਆ ਹੈ ਸਮਾਜ ਦੇ ਹਰ ਵਰਗ ਨਾਲ ਸਿੱਧਾ
ਮੰਤਰੀ ਨੇ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ (Department of Social Security, Women and Child Development) ਸਮਾਜ ਦੇ ਹਰ ਵਰਗ ਨਾਲ ਸਿੱਧਾ ਜੁੜਿਆ ਹੋਇਆ ਹੈ, ਅਤੇ ਨਵੇਂ ਕਰਮਚਾਰੀ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਸਿਰਜਣ ਲਈ ਵਚਨਬੱਧ ਹੈ।ਹੁਣ ਤੱਕ 54 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ।
ਨਵੇਂ ਨਿਯੁਕਤ ਕਰਮਚਾਰੀ ਕਰਨਗੇ ਸਰਕਾਰੀ ਨੀਤੀਆਂ ਅਤੇ ਜ਼ਮੀਨੀ ਪੱਧਰ ਦੇ ਲਾਭਪਾਤਰੀਆਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ
ਮੰਤਰੀ ਨੇ ਅੰਤ ਵਿੱਚ ਕਿਹਾ ਕਿ ਨਵੇਂ ਨਿਯੁਕਤ ਕਰਮਚਾਰੀ ਸਰਕਾਰੀ ਨੀਤੀਆਂ ਅਤੇ ਜ਼ਮੀਨੀ ਪੱਧਰ ਦੇ ਲਾਭਪਾਤਰੀਆਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਨਗੇ, ਖ਼ਾਸ ਕਰਕੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਲਈ। ਉਨ੍ਹਾਂ ਦੀ ਸਰਗਰਮ ਅਤੇ ਪ੍ਰਭਾਵਸ਼ਾਲੀ ਭਾਗੀਦਾਰੀ ਨਾਲ ਇਹ ਯਕੀਨੀ ਬਣੇਗਾ ਕਿ ਯੋਜਨਾਵਾਂ ਲੋੜਵੰਦ ਲੋਕਾਂ ਤੱਕ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਪਹੁੰਚ ਸਕਣ। ਇਸ ਰਾਹੀਂ ਸੂਬੇ ਦੀ ਸਮਾਜਿਕ ਬਣਤਰ ਹੋਰ ਮਜ਼ਬੂਤ ਬਣੇਗੀ ।
Read More : ਸੋਸ਼ਲ ਮੀਡੀਆ ਉੱਤੇ ਲੱਚਰਤਾ ਬਰਦਾਸ਼ਤ ਨਹੀਂ, ਹੋਵੇਗੀ ਤੁਰੰਤ ਕਾਰਵਾਈ: ਡਾ. ਬਲਜੀਤ ਕੌਰ