ਡਵੀਜ਼ਨਲ ਕਮਿਸ਼ਨਰ ਨੇ ਕੀਤਾ ਐਸ. ਡੀ. ਐਮ. ਤੇ ਤਹਿਸੀਲਦਾਰ ਦਫ਼ਤਰਾਂ ਦਾ ਨਿਰੀਖਣ

0
12
Divisional Commissioner

ਪਾਤੜਾਂ, 24 ਜੁਲਾਈ 2025 : ਪਟਿਆਲਾ ਡਵੀਜ਼ਨਲ ਦੇ ਕਮਿਸ਼ਨਰ (Divisional Commissioner) ਵਿਨੈ ਬੁਬਲਾਨੀ ਨੇ ਅੱਜ ਪਾਤੜਾਂ ਦੇ ਐਸ. ਡੀ. ਐਮ. ਅਤੇ ਤਹਿਸੀਲਦਾਰ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ ।

ਸਬ ਡਵੀਜਨ ਤੇ ਤਹਿਸੀਲ ਦਫ਼ਤਰਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਿਰਦੇਸ਼

ਉਨ੍ਹਾਂ ਇਸ ਮੌਕੇ ਐਸ. ਡੀ. ਐਮ. ਅਸ਼ੋਕ ਕੁਮਾਰ ਅਤੇ ਤਹਿਸੀਲਦਾਰ ਸਵਪਨਦੀਪ ਕੌਰ ਤੋਂ ਉਨ੍ਹਾਂ ਵੱਲੋਂ ਨਿਪਟਾਏ ਜਾਂਦੇ ਅਦਾਲਤੀ ਮਾਮਲਿਆਂ ਸਮੇਤ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਮੁਲਕੰਣ (Evaluation of services) ਕੀਤਾ । ਇਸ ਮੌਕੇ ਵਿਨੈ ਬੁਬਲਾਨੀ ਨੇ ਆਪਣੇ ਨਿਰੀਖਣ ਦੌਰਾਨ ਰਿਕਾਰਡ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਪਾਰਦਰਸ਼ਤਾ ਨਾਲ ਸਮੇਂ ਸਿਰ ਕੰਮ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ।

ਸਰਕਾਰੀ ਅਧਿਕਾਰੀ ਤੇ ਕਰਮਚਾਰੀ ਲੋਕਾਂ ਨੂੰ ਦਫ਼ਤਰਾਂ ਵਿੱਚ ਆਪਣੇ ਕੰਮਾਂ ਲਈ ਖੱਜਲ ਖੁਆਰ ਨਾ ਹੋਣ ਦੇਣ : ਵਿਨੈ ਬੁਬਲਾਨੀ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਤਰਜੀਹ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨਾ ਹੈ, ਇਸ ਕੰਮ ਵਿੱਚ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਮਾਲ ਮਾਮਲਿਆਂ ਦਾ ਨਿਪਟਾਰਾ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੀਤਾ ਜਾਵੇ

ਲੰਬਿਤ ਮਾਮਲਿਆਂ ਦੇ ਤੁਰੰਤ ਨਿਪਟਾਰੇ ਲਈ ਨਿਰਦੇਸ਼ ਦਿੰਦਿਆਂ ਡਵੀਜ਼ਨਲ ਕਮਿਸ਼ਨਰ ਨੇ ਮਾਲ ਅਦਾਲਤਾਂ ਵਿੱਚ ਸਾਲਾਂ ਤੋਂ ਚੱਲ ਰਹੇ ਕੇਸਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਜ਼ਮੀਨ ਦੀ ਵੰਡ, ਨਿਸ਼ਾਨਦੇਹੀ, ਮਾਪ, ਖਸਰਾ-ਗਿਰਦਾਵਰੀ, ਨੰਬਰਦਾਰੀ, ਚੌਕੀਦਾਰੀ ਅਤੇ ਇੰਤਕਾਲ ਵਰਗੇ ਸਾਰੇ ਮਾਲ ਮਾਮਲਿਆਂ ਦਾ ਨਿਪਟਾਰਾ (Settlement of revenue matters) ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੀਤਾ ਜਾਵੇ । ਉਨ੍ਹਾਂ ਸਖ਼ਤੀ ਨਾਲ ਆਖਿਆ ਕਿ ਬੇਲੋੜੀ ਦੇਰੀ ਦੀ ਸੂਰਤ ਵਿੱਚ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ।

ਮੰਡਲ ਕਮਿਸ਼ਨਰ ਨੇ ਕੀਤੀ ਐਨ. ਓ. ਸੀ. ਜਾਰੀ ਕਰਨ ਵਿੱਚ ਦੇਰੀ ‘ਤੇ ਵੀ ਨਾਰਾਜ਼ਗੀ ਪ੍ਰਗਟ

ਵਿਨੈ ਬੁਬਲਾਨੀ ਨੇ ਐਸ. ਡੀ. ਐਮ ਤੇ ਤਹਿਸੀਦਲਾਰ (S. D. M and Tehsildar) ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਅਧੀਨ ਦਫ਼ਤਰਾਂ ਦਾ ਨਿਰੀਖਣ ਕਰਨ ਅਤੇ ਰਿਪੋਰਟ ਡਿਵੀਜ਼ਨਲ ਕਮਿਸ਼ਨਰ ਦਫ਼ਤਰ ਨੂੰ ਭੇਜੀ ਜਾਵੇ । ਉਨ੍ਹਾਂ ਕਿਹਾ ਕਿ ਐਸ. ਡੀ. ਐਮ. ਖੁਦ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਕਾਨੂੰਨਗੋ ਦਫ਼ਤਰਾਂ ਦਾ ਨਿਯਮਿਤ ਤੌਰ ‘ਤੇ ਨਿਰੀਖਣ ਕਰਨ । ਮੰਡਲ ਕਮਿਸ਼ਨਰ ਨੇ ਐਨ. ਓ. ਸੀ. ਜਾਰੀ ਕਰਨ ਵਿੱਚ ਦੇਰੀ ‘ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਐਨ. ਓ. ਸੀ. ਸਮਾਂ ਸੀਮਾਂ ਦੇ ਅੰਦਰ ਜਾਰੀ ਕੀਤਾ ਜਾਵੇ, ਜੇਕਰ ਕਿਸੇ ਵੀ ਹਾਲਤ ਵਿੱਚ ਦੇਰੀ ਹੁੰਦੀ ਹੈ, ਤਾਂ ਇਸਦਾ ਕਾਰਨ ਰਿਕਾਰਡ ਵਿੱਚ ਸਪੱਸ਼ਟ ਤੌਰ ‘ਤੇ ਦਰਜ ਕੀਤਾ ਜਾਵੇ ।

ਸਰਕਾਰੀ ਜ਼ਮੀਨਾਂ ਦੇ ਬੇਨਾਮੀ ਦੇ ਮਾਮਲਿਆਂ ਨੂੰ ਵੀ ਦਿੱਤੀ ਜਾਵੇ ਪਹਿਲ

ਵਿਨੈ ਬੁਬਲਾਨੀ ਨੇ ਤਹਿਸੀਲ ਦਫ਼ਤਰ ਵਿੱਚ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਸਟਾਕ ਰਜਿਸਟਰ ਦੀਆਂ ਅਪਡੇਟ ਕੀਤੀਆਂ ਐਂਟਰੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ਦੇ ਬੇਨਾਮੀ ਦੇ ਮਾਮਲਿਆਂ ਨੂੰ ਵੀ ਪਹਿਲ ਦਿੱਤੀ ਜਾਵੇ । ਉਨ੍ਹਾਂ ਨੇ ਇਸ ਮੌਕੇ ਪੰਚਾਇਤੀ ਚੋਣਾਂ ਲਈ ਚੱਲ ਰਹੀ ਟ੍ਰੇਨਿੰਗ ਅਤੇ ਈਜੀ ਰਜਿਸਟਰੀ ਦੇ ਕੰਮ ਕਾਜ ਦਾ ਵੀ ਜਾਇਜ਼ਾ ਲਿਆ ।

ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ

ਡਵੀਜਨਲ ਕਮਿਸ਼ਨਰ ਵਿਨੇ ਬੁਬਲਾਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ, ਉਹ ਡਿਵੀਜ਼ਨ ਦੀਆਂ ਸਾਰੀਆਂ ਸਬ-ਡਵੀਜ਼ਨਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਕੀ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ। ਉਨ੍ਹਾਂ ਦੁਹਰਾਇਆ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਲਈ ਸਬੰਧਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ । ਇਸ ਮੌਕੇ ਐਸ. ਡੀ. ਐਮ. ਅਸ਼ੋਕ ਕੁਮਾਰ ਨੇ ਭਰੋਸਾ ਦਿੱਤਾ ਕਿ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ ।

Read More : ਕੈਬਨਿਟ ਸਬ-ਕਮੇਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਨਾਲ ਕੀਤੀ ਗਈ ਮੀਟਿੰਗ

LEAVE A REPLY

Please enter your comment!
Please enter your name here