ਇਸ ਦਿਨ ਸਿਨੇਮਾਘਰਾਂ ‘ਚ ਦਸਤਕ ਦੇਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’, ਬਿਨਾਂ ਕਿਸੇ ਕੱਟ ਦੇ ਹੋਵੇਗੀ ਰਿਲੀਜ਼
ਚੰਡੀਗੜ੍ਹ : ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ”ਪੰਜਾਬ-95” ਅਗਲੇ ਮਹੀਨੇ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਗੱਲ ਦੀ ਜਾਣਕਾਰੀ ਖੁਦ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਫਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਦਿੰਦੇ ਹੋਏ ਦਿਲਜੀਤ ਨੇ ਲਿਖਿਆ- “ਪੂਰੀ ਫਿਲਮ, ਕੋਈ ਕੱਟ ਨਹੀਂ।”
120 ਕੱਟਾਂ ਦੀ ਕੀਤੀ ਸੀ ਮੰਗ
ਦੱਸ ਦਈਏ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਇਸ ਤੋਂ ਪਹਿਲਾਂ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ, ਜਿਸ ਨਾਲ ਵਿਵਾਦ ਛਿੜ ਗਿਆ ਸੀ। ਪਿਛਲੇ ਸਾਲ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲੱਗਣ ‘ਤੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸੈਂਸਰ ਬੋਰਡ ਦੀ ਮੰਗ ਦੀ ਨਿਖੇਧੀ ਕੀਤੀ ਸੀ। ਪਰ ਹੁਣ ਦਿਲਜੀਤ ਦੀ ਪੋਸਟ ਤੋਂ ਸਾਫ ਹੈ ਕਿ ਇਹ ਫਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ।