ਘਨੌਰ, 23 ਅਕਤੂਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘਨੌਰ ਮੰਡੀ ਦਾ ਦੌਰਾ (Visit to Ghanaur Mandi) ਕਰਦਿਆਂ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ।
ਕਿਸਾਨ ਯੂਨੀਅਨ ਆਗੂਆਂ ਨੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਜਤਾਈ
ਇਸ ਮੌਕੇ ਮੰਡੀ ‘ਚ ਮੌਜੂਦ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ (Representatives of farmers’ unions) ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਦਿਆਂ ਖਰੀਦ ਪ੍ਰਕ੍ਰਿਆ ‘ਤੇ ਤਸੱਲੀ ਪ੍ਰਗਟਾਈ । ਮੰਡੀ ‘ਚ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਪਰਾਲੀ ਸੰਭਾਲਣ ਲਈ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਆਪਣੀ ਪਰਾਲੀ ਬਿਨ੍ਹਾਂ ਅੱਗ ਲਾਏ ਸੰਭਾਲ ਸਕਣ, ਇਸ ‘ਤੇ ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫ਼ਸਰ ਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਹਦਾਇਤ ਜਾਰੀ ਕੀਤੀ ।
ਡੀ. ਸੀ. ਵੱਲੋਂ ਕਿਸਾਨਾਂ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ ਦੀ ਅਪੀਲ
ਕਿਸਾਨਾਂ ਨੇ ਡੀ. ਏ. ਪੀ. ਖਾਦ (D. A. P. Fertilizer) ਸਮੇਂ ਸਿਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਹੁਤ ਜਲਦ ਡੀ. ਏ. ਪੀ. ਦਾ ਇੱਕ ਰੇਕ ਰਾਜਪੁਰਾ ਰੇਲਵੇ ਸਟੇਸ਼ਨ ‘ਤੇ ਪੁੱਜ ਰਿਹਾ ਹੈ, ਜੋ ਕਿ ਕੇਵਲ ਰਾਜਪੁਰਾ ਤੇ ਘਨੌਰ ਇਲਾਕੇ ਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ । ਕਿਸਾਨਾਂ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਦੱਸਿਆ ਕਿ ਉਨ੍ਹਾਂ ਦੀ ਫਸਲ ਦੀ ਮੰਡੀਆਂ ਵਿੱਚ ਖਰੀਦ ਨਾਲੋ-ਨਾਲ ਹੋ ਰਹੀ ਹੈ ਅਤੇ ਅਦਾਇਗੀ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ । ਕਿਸਾਨਾਂ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਈ, ਜਿਸ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਹ ਧੰਨਵਾਦ ਕਰਦੇ ਹਨ ।
ਮੰਡੀਆਂ ‘ਚ 6.70 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ, 6.63 ਲੱਖ ਮੀਟ੍ਰਿਕ ਟਨ ਦੀ ਖਰੀਦ,
ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕਿਸਾਨਾਂ ਨੂੰ ਮੰਡੀਆਂ ‘ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ‘ਚ 6 ਲੱਖ 70 ਹਜ਼ਾਰ 34 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ‘ਚੋਂ 6 ਲੱਖ 63 ਹਜ਼ਾਰ 530 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਲਈ ਕਿਸਾਨਾਂ ਨੂੰ 100 ਫੀਸਦੀ ਖਰੀਦ ਦੀ 1498 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ । ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ, ਡੀ. ਐਮ. ਪਨਸਪ ਮਨਦੀਪ ਕਾਲੇਕਾ, ਡੀ. ਐਮ ਮਾਰਕਫੈਡ ਵਿਪਨ ਸ਼ਰਮਾ, ਡੀ. ਐਮ. ਵੇਅਰਹਾਊਸ ਨਿਰਮਲ ਸਿੰਘ ਸਮੇਤ ਆੜਤੀਏ ਤੇ ਕਿਸਾਨ ਮੌਜੂਦ ਸਨ ।
Read More : ਸ਼ਹਿਰ ‘ਚ ਕੋਈ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ : ਡਾ. ਪ੍ਰੀਤੀ ਯਾਦਵ