ਅੰਮ੍ਰਿਤਸਰ : ਕੇਂਦਰੀ ਜੇਲ ਗੁਮਟਾਲਾ ਜੋ ਕਿ ਹੁਣ ਸ੍ਰੀ ਗੁਰੂ ਰਾਮਦਾਸ ਅਰਬਨ ਸਟੇਟ ਬਣ ਚੁੱਕੀ ਹੈ, ਵਿੱਚ ਸਥਿਤ ਸਰਕਾਰੀ ਸਕੂਲ ਦੀ ਹੋਂਦ ਬਚਾਉਣ ਲਈ ਸੰਘਰਸ਼ ਕਰਨ ਵਾਲੇ ਅਧਿਆਪਕ ਸੁਖਜਿੰਦਰ ਸਿੰਘ ਹੇਰ ਜੋ ਕਿ ਹੁਣ ਸੇਵਾ ਮੁਕਤ ਹੋ ਚੁੱਕੇ ਹਨ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਅੱਜ ਉਹ ਜ਼ਿਲਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ ਨਾਲ ਇਸੇ ਸਕੂਲ ਦੇ ਰਹਿੰਦੇ ਕੰਮ ਲਈ ਡਿਪਟੀ ਕਮਿਸ਼ਨਰ ਕੋਲ ਪੁੱਜੇ ਸਨ।
ਇਸ ਮੌਕੇ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਅਧਿਆਪਕ ਕਰਕੇ ਕੇਂਦਰੀ ਜੇਲ ਦੇ ਥਾਂ ਵਿੱਚ ਦੁਬਾਰਾ ਸਕੂਲ ਬਣ ਸਕਿਆ ਹੈ ਅਤੇ ਇਹਨਾਂ ਨੇ 2017 ਤੋਂ ਲੈ ਕੇ ਹੁਣ ਤੱਕ ਇਸ ਸਕੂਲ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਤਾਂ ਡਿਪਟੀ ਕਮਿਸ਼ਨਰ ਨੇ ਸ ਸੁਖਜਿੰਦਰ ਸਿੰਘ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕਰਦੇ ਹੋਏ ਤੁਰੰਤ ਆਪਣੇ ਵੱਲੋਂ ਪ੍ਰਸੰਸਾ ਪੱਤਰ ਤਿਆਰ ਕਰਕੇ ਉਹਨਾਂ ਦਾ ਸਨਮਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਤੁਸੀਂ ਸੇਵਾ ਮੁਕਤੀ ਤੋਂ ਬਾਅਦ ਵੀ ਇਸ ਸਕੂਲ ਲਈ ਕੰਮ ਕਰ ਰਹੇ ਹੋ। ਦੱਸਣ ਯੋਗ ਹੈ ਕਿ ਕੇਂਦਰੀ ਜੇਲ ਗੁੰਮਟਾਲਾ ਤੋਂ ਤਬਦੀਲ ਹੋਣ ਨਾਲ ਇੱਥੇ ਚੱਲਦਾ ਸਕੂਲ ਜਿਸ ਵਿੱਚ ਕਰੀਬ 200 ਬੱਚੇ ਪੜ੍ਹਦੇ ਸਨ, ਨੂੰ ਇੱਥੋਂ ਹਟਾ ਦੇਣ ਦਾ ਫੈਸਲਾ ਲੈ ਲਿਆ ਗਿਆ ਸੀ, ਕਿਉਂਕਿ ਸਕੂਲ ਕੋਲ ਜਮੀਨ ਜੇਲ ਦੀ ਸੀ ਅਤੇ ਇਹ ਜਮੀਨ ਵੇਚਣ ਲਈ ਪੁੱਡਾ ਕੋਲ ਜਾ ਚੁੱਕੀ ਸੀ। ਸੁਖਜਿੰਦਰ ਸਿੰਘ ਨੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਵਰਨ ਰੂਜਮ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਵਿੱਚ ਆਏ ਸਾਰੇ ਅਧਿਕਾਰੀਆਂ ਦਾ ਸਾਥ ਨਾਲ ਦੁਬਾਰਾ ਸਕੂਲ ਲਈ ਥਾਂ ਲਿਆ ਅਤੇ ਉੱਥੇ ਕਰੀਬ ਸਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਸੁੰਦਰ ਇਮਾਰਤ ਤਿਆਰ ਕਰਵਾਈ, ਜੋ ਕਿ ਇਸ ਵੇਲੇ ਉਦਘਾਟਨ ਲਈ ਲਗਭਗ ਤਿਆਰ ਹੈ।