ਪਟਿਆਲਾ, 21 ਅਕਤੂਬਰ 2025 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਪਟਿਆਲਾ ਜ਼ਿਲ੍ਹੇ ‘ਚ ਪਰਾਲੀ ਨੂੰ ਸਾੜਨ ਤੋਂ ਬਿਨ੍ਹਾਂ ਸੰਭਾਲਣ ਲਈ ਅੱਗੇ ਆਏ ਕਿਸਾਨਾਂ ਨੂੰ ਹੱਲਾਸ਼ੇਰੀ ਦਿੱਤੀ ਹੈ । ਉਨ੍ਹਾਂ ਨੇ ਅੱਜ ਪਿੰਡ ਮੰਡੌੜ (Village Mandaur) ਵਿਖੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਲਈ ਗੱਠਾਂ ਬਣਵਾ ਰਹੇ ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ।
ਹੋਰ ਕਿਸਾਨ ਵੀ ਅੱਗ ਨਾ ਲਾਉਣ ਲਈ ਅੱਗੇ ਆਉਣ, ਪਰਾਲੀ ਸੰਭਾਲਣ ਲਈ ਪ੍ਰਸ਼ਾਸਨ ਮੁਹੱਈਆ ਕਰਵਾਏਗਾ ਮਸ਼ੀਨਰੀ
ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹੋਰ ਕਿਸਾਨ ਵੀ ਵਾਤਾਵਰਣ ਬਚਾਉਣ (Environmental protection) ਅਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲਣ ਲਈ ਅੱਗੇ ਆਉਣ ਅਤੇ ਅਜਿਹੇ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ਕਿਸਾਨ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਦੇ ਫੋਨ ਨੰਬਰ 0175-2350550 ‘ਤੇ ਸੰਪਰਕ ਕਰਨ ।
ਸਮੂਹ ਐਸ. ਡੀ. ਐਮਜ਼, ਡੀ. ਐਸ. ਪੀਜ. ਤੇ ਟੀਮਾਂ ਖੇਤਾਂ ‘ਚ ਕਿਸਾਨਾਂ ਨਾਲ ਬਣਾ ਰਹੀਆਂ ਨੇ ਰਾਬਤਾ
ਡਾ. ਪ੍ਰੀਤੀ ਯਾਦਵ ਨੇ ਪਰਾਲੀ ਨੂੰ ਜਮੀਨ ‘ਚ ਮਿਲਾਉਣ (Mixing straw into the soil) ਤੇ ਬੇਲਰਾਂ ਨਾਲ ਗੱਠਾਂ ਬਣਵਾਉਣ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬੇਲਰ ਮਾਲਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬੇਲਰ ਤੇ ਟ੍ਰੈਕਟਰ ਖਰੀਦਿਆ ਹੈ, ਜੋ ਕਿ ਇਕ ਦਿਨ ‘ਚ 150 ਏਕੜ ਰਕਬੇ ‘ਚ ਪਰਾਲੀ ਦੀਆਂ ਗੱਠਾਂ ਬਣਾ ਦਿੰਦਾ ਹੈ। ਜਦਕਿ ਪਿੰਡ ਮੰਡੌੜ ਦੇ ਸਰਪੰਚ ਹਰਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ‘ਚ ਕੋਈ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ।
ਪਟਿਆਲਾ ਜ਼ਿਲ੍ਹੇ ਦੇ ਕਿਸਾਨ ਪਰਾਲੀ ਸੰਭਾਲਣ ਲਈ ਮਸ਼ੀਨਰੀ ਲੈਣ ਵਾਸਤੇ ਕੰਟਰੋਲ ਰੂਮ 0175-2350550 ‘ਤੇ ਸੰਪਰਕ ਕਰਨ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਏ. ਡੀ. ਸੀਜ ਤੇ ਐਸ. ਡੀ. ਐਮ, ਡੀ. ਐਸ. ਪੀਜ. ਤੇ ਹੋਰ ਟੀਮਾਂ ਸਮੇਤ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਅੰਦਰ ਪਰਾਲੀ ਸਾੜਨ ਤੋਂ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਅਤੇ ਹਵਾ ਗੁਣਵੱਤਾ ਮੋਨੀਟਰਿੰਗ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਲਗਾਤਾਰ ਕਿਸਾਨਾਂ ਨਾਲ ਰਾਬਤਾ ਬਣਾ ਰਿਹਾ ਹੈ । ਜਦਕਿ ਪਿੰਡ ਤੇ ਕਲੱਸਟਰ ਪੱਧਰ ‘ਤੇ ਕਲੱਸਟਰ ਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ, ਏ. ਡੀ. ਸੀ. ਨਵਰੀਤ ਕੌਰ ਸੇਖੋਂ, ਸਿਮਰਪ੍ਰੀਤ ਕੌਰ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਐਚ. ਐਸ. ਮਾਨ, ਜਸਵੀਰ ਸਿੰਘ, ਸਮੂਹ ਐਸ. ਡੀ. ਐਮਜ. ਤੇ ਡੀ. ਐਸ. ਪੀਜ. ਸਮੇਤ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ, ਏ. ਈ. ਓ. ਰਵਿੰਦਰ ਸਿੰਘ, ਏ. ਡੀ. ਓ. ਰਸਪਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।
Read More : ਪਰਾਲੀ ਸਾੜਨ ਨੂੰ ਰੋਕਣ ‘ਚ ਅਸਫਲ ਰਹਿਣ ਲਈ 1,379 ਸੁਪਰਵਾਈਜ਼ਰਾਂ ਤੇ ਅਧਿਕਾਰੀਆਂ ਨੂੰ ਨੋਟਿਸ ਜਾਰੀ