Delhi Pollution : ਅੱਜ ਵੀ ਖਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ, 5 ਸਾਲ ਦਾ ਟੁੱਟਿਆ ਰਿਕਾਰਡ

0
59

ਨਵੀਂ ਦਿੱਲੀ : ਦਿੱਲੀ ਐਨਸੀਆਰ ‘ਚ ਅੱਜ ਵੀ ਪ੍ਰਦੂਸ਼ਣ ਨਾਲ ਬੁਰਾ ਹਾਲ ਹੈ। ਸ਼ਨੀਵਾਰ ਸਵੇਰੇ – ਸਵੇਰੇ ਰਾਜਧਾਨੀ ਸਮੇਤ ਐਨਸੀਆਰ ਦੇ ਸਾਰੇ ਇਲਾਕੇ ਪ੍ਰਦੂਸ਼ਣ ਦੀ ਚਾਦਰ ‘ਚ ਲਿਪਟੇ ਨਜ਼ਰ ਆਏ। ਦਿੱਲੀ ‘ਚ ਹਵਾ ਗੁਣਵੱਤਾ (Air Quality Index) 400 ਤੋਂ ਉੱਤੇ ਹੈ ਜੋ ਕਾਫ਼ੀ ਖਤਰਨਾਕ ਮੰਨਿਆ ਜਾਂਦਾ ਹੈ। ਉਥੇ ਹੀ ਦਿੱਲੀ ਸਰਕਾਰ ਨੇ ਵੱਧਦੇ ਪ੍ਰਦੂਸ਼ਣ ਲਈ ਪਟਾਕਿਆਂ ਅਤੇ ਪਰਾਲੀ ਜਲਾਉਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਬੰਦੀ ਦੇ ਬਾਵਜੂਦ ਵੀਰਵਾਰ ਨੂੰ ਦੀਵਾਲੀ ਦੇ ਮੌਕੇ ਖੂਬ ਪਟਾਕੇ ਚੱਲਣ ਅਤੇ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧੇ ਦੀ ਵਜ੍ਹਾ ਨਾਲ ਦਿੱਲੀ ’ਚ ਹਵਾ ਗੁਣਵੱਤਾ ਪਿਛਲੇ 5 ਸਾਲਾਂ ’ਚ ਸਭ ਤੋਂ ਖਰਾਬ ਪੱਧਰ ’ਤੇ ਪਹੁੰਚ ਗਈ ਹੈ।

ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਰ ਕੀਤੀ ਸੀ ਕਿ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿਚ ਦਿੱਲੀ ਦੀ ਹਵਾ ਬੇਹੱਦ ਖਰਾਬ ਰਹੇਗੀ। ਮੌਸਮ ਵਿਭਾਗ ਨੇ ਕਿਹਾ ਸੀ ਕਿ ਦਿੱਲੀ ਦੀ ਏਅਰ ਕੁਆਲਿਟੀ 4 ਨਵੰਬਰ ਤੱਕ ਬੇਹੱਦ ਖਰਾਬ ਰਹਿ ਸਕਦੀ ਹੈ। ਇਸ ਤੋਂ ਬਾਅਦ 5 ਅਤੇ 6 ਨਵੰਬਰ ਨੂੰ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਪੂਰਵ ਅਨੁਮਾਨ ਏਜੰਸੀ ‘ਸਫਰ’ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ’ਚ ਪੀਐੱਮ-2.5 ਦਾ ਯੋਗਦਾਨ 36 ਫ਼ੀਸਦੀ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਦੱਸਣਯੋਗ ਹੈ ਕਿ 0 ਤੋਂ 50 ਦਰਮਿਆਨ ਹਵਾ ਗੁਣਵੱਤਾ ਨੂੰ ਚੰਗਾ, 51 ਤੋਂ 100 ਦਰਮਿਆਨ ਨੂੰ ਤਸੱਲੀਬਖਸ਼, 101 ਤੋਂ 200 ਦਰਮਿਆਨ ਨੂੰ ਦਰਮਿਆਨਾ, 201 ਤੋਂ 300 ਦਰਮਿਆਨ ਨੂੰ ਖਰਾਬ, 301 ਤੋਂ 400 ਦਰਮਿਆਨ ਨੂੰ ਬਹੁਤ ਖਰਾਬ ਅਤੇ 401 ਤੋਂ 500 ਦੇ ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here