ਪਟਨਾ : ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਅ ਲਈ ਕੋਵੈਕਸੀਨ ਦੇ ਟੀਕਿਆਂ ਦੇ ਬੱਚਿਆਂ ‘ਚ ਪ੍ਰੀਖਣ ਲਈ ਇੱਥੇ ਦੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ(ਏਮਜ਼) ‘ਚ 6 ਤੋਂ 12 ਸਾਲ ਦੇ ਬੱਚਿਆਂ ਦੀ ਜਾਂਚ ਸ਼ੁਰੂ ਹੋ ਗਈ। ਪਟਨਾ ਏਮਜ਼ ਦੇ ਕੋਵਿਡ-19 ਮੁਖੀ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਸ਼ੂ ਰੋਗ ਮਾਹਰਾਂ ਨੇ 6 ਤੋਂ 12 ਸਾਲ ਦੇ ਬੱਚਿਆਂ ਦੀ ਵੱਖ-ਵੱਖ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਕੇ ਦੇ ਪਰੀਖਣ ਲਈ 50 ਤੋਂ ਵੱਧ ਬੱਚਿਆਂ ਦਾ ਹੁਣ ਤੱਕ ਰਜਿਸਟ੍ਰੇਸ਼ਨ ਹੋ ਚੁੱਕਾ ਹੈ ਅਤੇ ਛੇਤੀ ਹੀ ਕੋਵੈਕਸੀਨ ਦਾ ਕਲੀਨੀਕਲ ਟਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ 87 ਬੱਚਿਆਂ ਨੇ ਕਲੀਨਿਕਲ ਟਰਾਇਲ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 1 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਗਈ।
ਜ਼ਿਕਰਯੋਗ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਹਾਲਾਂਕਿ ਇਸ ਲਹਿਰ ਦੌਰਾਨ ਵਾਇਰਸ ਦੇ ਮਾਮਲੇ ਹੁਣ ਥੋੜ੍ਹੇ ਘੱਟ ਹੋ ਗਏ ਹਨ। ਮਾਹਰਾਂ ਨੇ ਤੀਜੀ ਲਹਿਰ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਹੈ। ਅਜਿਹੇ ਵਿਚ ਤੀਜੀ ਲਹਿਰ ਦੌਰਾਨ ਬੱਚਿਆਂ ਦੇ ਵੱਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਕਰ ਕੇ ਬੱਚਿਆਂ ਨੂੰ ਵੀ ਵੈਕਸੀਨ ਲਾਉਣਾ ਲਾਜ਼ਮੀ ਕੀਤਾ ਜਾਵੇਗਾ, ਤਾਂ ਕਿ ਇਸ ਮਹਾਮਾਰੀ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ।