ਆਮ ਜਨਤਾ ਨੂੰ ਵੀਰਵਾਰ ਨੂੰ ਇਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਾ ਹੈ। ਸੰਕੁਚਿਤ ਕੁਦਰਤੀ ਗੈਸ (ਸੀਐਨਜੀ) ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ। ਅੱਜ ਸੀਐਨਜੀ ਦੀਆਂ ਕੀਮਤਾਂ ਵਿੱਚ 2.5 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇੱਕ ਹਫ਼ਤੇ ਵਿੱਚ ਹੁਣ ਤੱਕ ਸੀਐਨਜੀ ਉੱਤੇ 9.60 ਰੁਪਏ ਦਾ ਵਾਧਾ ਹੋਇਆ ਹੈ।
ਹਾਲਾਂਕਿ ਅੱਜ ਪੈਟਰੋਲ ਅਤੇ ਡੀਜ਼ਲ ‘ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ 17 ਦਿਨਾਂ ‘ਚ ਪੈਟਰੋਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਕਈ ਦਿਨਾਂ ਤੋਂ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਬੀਤੇ ਦਿਨ ਸੀਐਨਜੀ ਦੀ ਕੀਮਤ ਵਿੱਚ 2.5 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਇਸ ਹਿਸਾਬ ਨਾਲ ਅੱਜ ਦਾ ਵਾਧਾ ਹਾਲ ਦੀ ਘੜੀ ਸਭ ਤੋਂ ਵੱਧ ਹੈ। 2.5 ਰੁਪਏ ਦੇ ਵਾਧੇ ਤੋਂ ਬਾਅਦ ਅੱਜ ਦਿੱਲੀ ‘ਚ CNG ਦੀ ਕੀਮਤ 69.11 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜਦਕਿ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ‘ਚ ਇਹ 71.67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਹੈ।
ਯੂਪੀ ਦੇ ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ ਸੀਐਨਜੀ 76.34 ਰੁਪਏ ਵਿੱਚ ਵਿਕ ਰਹੀ ਹੈ। ਗੁਰੂਗ੍ਰਾਮ ‘ਚ ਅੱਜ CNG ਦੀ ਕੀਮਤ 77.44 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ ਰੇਵਾੜੀ ‘ਚ ਅੱਜ CNG 79.57 ਰੁਪਏ ‘ਚ ਮਿਲ ਰਹੀ ਹੈ।
ਇਸ ਦੇ ਨਾਲ ਹੀ ਕਰਨਾਲ ਅਤੇ ਕੈਥਲ ਵਿੱਚ ਅੱਜ ਤੋਂ ਸੀਐਨਜੀ 77.77 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ ਦੀ ਗੱਲ ਕਰੀਏ ਤਾਂ ਇੱਥੇ ਸੀਐਨਜੀ ਦੇ ਰੇਟ 2.5 ਰੁਪਏ ਦੇ ਵਾਧੇ ਤੋਂ ਬਾਅਦ 80.90 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਏ ਹਨ। ਰਾਜਸਥਾਨ ਦੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ ਸੀਐਨਜੀ ਦਾ ਰੇਟ 79.38 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਨਹੀਂ ਵਧੀਆਂ
ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਾ ਵਧਣ ਕਾਰਨ ਦਿੱਲੀ ਸਮੇਤ ਸਾਰੇ ਮਹਾਨਗਰਾਂ ‘ਚ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਰਾਸ਼ਟਰੀ ਰਾਜਧਾਨੀ ‘ਚ ਅੱਜ ਪੈਟਰੋਲ 105.41 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ। ਮੁੰਬਈ ‘ਚ ਪੈਟਰੋਲ 120.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 104.77 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।