ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਏ ਜਾਣ ‘ਤੇ ਭਗਵੰਤ ਮਾਨ ਦਾ ਵੱਡਾ ਬਿਆਨ, ਪੜ੍ਹੋ ਵੇਰਵਾ

0
57

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਏ ਜਾਣ ‘ਤੇ ਭਗਵੰਤ ਮਾਨ ਦਾ ਵੱਡਾ ਬਿਆਨ, ਪੜ੍ਹੋ ਵੇਰਵਾ

ਚੰਡੀਗੜ੍ਹ, 8 ਮਾਰਚ 2025 – ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦਾ ਨਾਂ ਲਏ ਬਗੈਰ ਉਨ੍ਹਾਂ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ ਤੇ ਇਸ ਫ਼ੈਸਲੇ ਨੂੰ ਬਦਲਾਖੋਰੀ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਲਾਗੂ ਹੋਇਆ ਸਿੱਖ ਆਨੰਦ ਮੈਰਿਜ ਐਕਟ

ਪੱਤਰਕਾਰਾਂ ਵੱਲੋਂ ਉਕਤ ਮਾਮਲੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਧਾਰਮਿਕ ਮਾਮਲਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ, ਪਰ ਹੁਣ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਹੈ, ਤਾਂ ਹੀ ਇਹ ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤ੍ਰਿਗ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਸੇਵਾਮੁਕਤ ਕੀਤਾ, ਉਨ੍ਹਾਂ ਦੀ ਆਪਣੀ ਚੋਣ ਹੋਈ ਨੂੰ 13-14 ਸਾਲ ਹੋ ਗਏ ਹਨ। ਉਨ੍ਹਾਂ ਨੇ ਕੇਂਦਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪਾਰਲੀਮੈਂਟ ‘ਚ ਵੀ ਕਹਿ ਚੁੱਕੇ ਹਨ ਕਿ ਜਥੇਦਾਰ ਇਨ੍ਹਾਂ ਦੀਆਂ ਜੇਬਾਂ ਵਿਚੋਂ ਹੀ ਨਿਕਲਦੇ ਹਨ। ਉਨ੍ਹਾਂ ਸੁਖਬੀਰ ਬਾਦਲ ਦਾ ਨਾਂ ਲਏ ਬਗੈਰ ਕਿਹਾ ਕਿ ਉਦੋਂ ਤਾਂ ਸਾਰੇ ਗੁਨਾਹ ‘ਹਾਂ ਜੀ, ਹਾਂ ਜੀ’ ਕਰ ਕੇ ਮੰਨ ਲਏ, ਉਸ ਦੀ ਤਨਖ਼ਾਹ ਵੀ ਪੂਰੀ ਕਰ ਲਈ ਤੇ ਹੁਣ ਜਥੇਦਾਰ ਸਾਹਿਬ ਨੂੰ ਹੀ ਹਟਾ ਰਹੇ ਹੋ। ਇਹ ਤਾਂ ਫ਼ਿਰ ਬਦਲਾਖੋਰੀ ਹੀ ਲਗਦੀ ਹੈ। ਉਨ੍ਹਾਂ ਕਿਹਾ ਕਿ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ, ਪਰਮਾਤਮਾ ਸਭ ਵੇਖਦਾ ਹੈ।

LEAVE A REPLY

Please enter your comment!
Please enter your name here