CM ਮਾਨ ਮੋਹਾਲੀ ਦੇ ਗੁ. ਸਿੰਘ ਸ਼ਹੀਦਾਂ ਵਿਖੇ ਹੋਏ ਨਤਮਸਤਕ , ਕੰਗਨਾ ਰਣੌਤ ਥੱਪੜ ਮਾਮਲੇ ‘ਤੇ ਦਿੱਤਾ ਵੱਡਾ ਬਿਆਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਨਤਮਸਤਕ ਹੋਏ ਹਨ | ਜਿੱਥੇ ਉਹਨਾਂ ਨੇ ਮੱਥਾ ਟੇਕ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੱਤੀ ਅਤੇ ਆਪਣੇ ਪਿਂਡੇ ‘ਤੇ ਉਹ ਜ਼ੁਲਮ ਵੀ ਹੰਢਾਇਆ | ਭਾਵੇ ਗਰਮ ਰੇਤ , ਭਾਵੇਂ ਤੱਤੀ ਤਵ, ਉਹਨਾਂ ਨੇ ਬਹੁਤ ਤਸੀਹੇ ਝੱਲੇ | ਗੁਰੂ ਜੀ ਨੇ ਆਉਣ ਵਾਲੀਆਂ ਪੀੜੀਆਂ ਨੂੰ ਇਹ ਪ੍ਰੇਰਨਾ ਵੀ ਦਿੱਤੀ ਕਿ ਜ਼ੁਲਮ ਦੇ ਖਿਲਾਫ ਕਿਵੇਂ ਲੜਨਾ ਹੈ | ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਦੱਸਣਾ ਚਾਹੀਦਾ ਹੈ |
ਕੁੜੀ ਦੇ ਦਿਲ ਵਿੱਚ ਸੀ ਗੁੱਸਾ
ਇਸੇ ਦੌਰਾਨ CISF ਜਵਾਨ ਕੁਲਵਿੰਦਰ ਕੌਰ ਵੱਲੋਂ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ‘ਤੇ ਵੱਡਾ ਬਿਆਨ ਦਿੱਤਾ ਹੈ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਪਹਿਲੇ ਦਿੱਤੇ ਗਏ ਬਿਆਨਾਂ ਦੇ ਚੱਲਦੇ ਉਸ ਕੁੜੀ ਦੇ ਦਿਲ ਵਿੱਚ ਗੁੱਸਾ ਸੀ , ਜਿਸਦੇ ਚੱਲਦਿਆਂ ਉਸਨੇ ਇਹ ਕਦਮ ਚੁੱਕਿਆ | ਹਾਲਾਂਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ |
ਇਹ ਵੀ ਪੜ੍ਹੋ :ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਵੱਡੇ ਬ.ਦਮਾ/ਸ਼ ਦੇ ਤਿੰਨ ਸਾਥੀ ਕੀਤੇ ਕਾਬੂ
ਸਾਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਗਲਤ
ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਈ ਪਬਲਿਕ ਫਿਗਰ ਹੋਣ ਦੇ ਚਲਦੇ ਇਸ ਘਟਨਾ ਦੇ ਜਵਾਬ ਵਿੱਚ ਸਾਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਗਲਤ ਹੈ | ਇਹ ਉਹ ਪੰਜਾਬ ਹੈ ਜਿਸਨੇ ਸਾਰੇ ਦੇਸ਼ ਦਾ ਢਿੱਡ ਭਰਿਆ ਹੈ | ਪੰਜਾਬ ਅੱਜ ਵੀ ਸਾਰੇ ਮੁਲਕ ਨੂੰ ਕਣਕ ਅਤੇ ਚੌਲ ਦੇ ਰਿਹਾ ਹੈ | ਸਾਡੇ ਨੌਜਵਾਨ ਅੱਜ ਵੀ ਕੁਰਬਾਨੀਆਂ ਦੇ ਰਹੇ ਹਨ | ਪੰਜਾਬ ਦੇ ਨੌਜਵਾਨ ਮਾਈਨਸ 50 ਡਿਗਰੀ ਵਿੱਚ ਡਿਊਟੀ ਦੇ ਰਹੇ ਹਨ | ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਅਤੇ ਦੇਸ਼ ਨੂੰ ਆਜ਼ਾਦੀਆਂ ਦਿਵਾਉਣ ਵਾਲੇ ਹਾਂ | ਮਾਨ ਨੇ ਕਿਹਾ ਕਿ ਜੇ ਕਿਸਾਨ ਧਰਨੇ ‘ਤੇ ਬੈਠ ਜਾਂਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਆਖ ਦਿੱਤਾ ਜਾਂਦਾ ਹੈ ਜੋ ਪੂਰੀ ਤਰ੍ਹਾਂ ਗਲਤ ਹੈ |